10ਵੀਂ ਜਮਾਤ ਦੇ ਨਤੀਜਿਆਂ ਵਿੱਚ ਪੇਂਡੂ ਵਿਦਿਆਰਥੀਆਂ ਨੇ ਸ਼ਹਿਰੀਆਂ ਨੂੰ ਪਛਾੜਿਆ; ਜੈਤੋ ਦੀ ਹਰਲੀਨ 99.38% ਅੰਕਾਂ ਨਾਲ ਪੰਜਾਬ ਭਰ ਵਿੱਚੋਂ ਅੱਵਲ: ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 11 ਮਈ:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਸਿੱਖਿਆ ਸੁਧਾਰਾਂ ਸਦਕਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੇ ਆਪਣੇ ਸ਼ਹਿਰੀ ਸਕੂਲਾਂ ਦੇ ਜਮਾਤੀਆਂ ਨੂੰ ਪਛਾੜ ਦਿੱਤਾ ਹੈ। ਪੇਂਡੂ ਖੇਤਰਾਂ ਵਿੱਚ ਪਾਸ ਦਰ 95.35% ਦਰਜ ਕੀਤੀ ਗਈ ਹੈ ਜਦੋਂਕਿ ਸ਼ਹਿਰੀ ਖੇਤਰਾਂ ਵਿੱਚ ਇਹ 92.98% ਰਹੀ ਹੈ।
ਇੱਥੇ ਅੱਜ ਵੇਰਵੇ ਸਾਂਝੇ ਕਰਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਨਤੀਜੇ ਦੀ ਸ਼ਲਾਘਾ ਕਰਦਿਆਂ ਇਸਨੂੰ ਜ਼ਮੀਨੀ ਪੱਧਰ 'ਤੇ 'ਸਿੱਖਿਆ ਕ੍ਰਾਂਤੀ' ਦੇ ਅਮਲ ਵਿੱਚ ਆਉਣ ਦਾ ਸਬੂਤ ਦੱਸਿਆ।
ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ (ਫ਼ਰੀਦਕੋਟ) ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਅੰਕ (99.38%) ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਬੇਹੱਦ ਸਖ਼ਤ ਮੁਕਾਬਲੇ ਵਿੱਚ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਨੌਲੀ ਬਸੀ (ਰੂਪਨਗਰ) ਦੇ ਮਨੀਮਹੇਸ਼ ਸ਼ਰਮਾ ਨੇ 650 ਵਿੱਚੋਂ 645 ਅੰਕ (99.23%) ਹਾਸਲ ਕਰਕੇ...








