
ਚੰਡੀਗੜ੍ਹ, 25 ਜੂਨ – ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸੂਬੇ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨਾਲ ਪੰਚਕੂਲਾ ਸਥਿਤ ਮਦਰ ਟੇਰੇਸਾ ਸਾਕੇਤ ਆਰਥੋਪੈਡਿਕ ਹਸਪਤਾਲ ਵਿੱਚ ਲਿਫਟ ਸਥਾਪਨਾ ਕਾਰਜ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਇਸ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ, ਖਾਸ ਕਰਕੇ ਦਿਵਿਆਂਗਜਨਾਂ, ਸੀਨੀਅਰ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਹਤਰ ਅਤੇ ਸੁਖਾਲੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ।
ਰਾਜਪਾਲ ਨਾਲ ਲੋਕ ਭਵਨ, ਚੰਡੀਗੜ੍ਹ ਵਿੱਚ ਅੱਜ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ‘ਤੇ ਚਰਚਾ ਹੋਈ।
ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਜਨਹਿਤ ਨਾਲ ਜੁੜੇ ਅਜਿਹੇ ਸਾਰੇ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਲਾਭ ਛੇਤੀ ਮਿਲ ਸਕੇ।
ਵਰਨਣਯੋਗ ਹੈ ਕਿ ਰਾਜਪਾਲ ਵੱਲੋਂ ਪੰਚਕੂਲਾ ਸਥਿਤ ਸਾਕੇਤ ਹਸਪਤਾਲ ਵਿੱਚ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ 1.50 ਕਰੋੜ ਰੁਪਏ ਦੀ ਗ੍ਰਾਂਟ ਰਕਮ ਪ੍ਰਵਾਨ ਕੀਤੀ ਗਈ ਹੈ। ਇਸ ਰਕਮ ਵਿੱਚੋਂ 1 ਕਰੋੜ ਰੁਪਏ ਆਧੁਨਿਕ ਲਿਫਟ ਦੀ ਸਥਾਪਨਾ ਅਤੇ 50 ਲੱਖ ਰੁਪਏ ਜ਼ਰੂਰੀ ਮੈਡੀਕਲ ਅਤੇ ਹੋਰ ਉਪਕਰਣਾਂ ਦੀ ਖਰੀਦ ‘ਤੇ ਖਰਚ ਕੀਤੇ ਜਾਣਗੇ।
ਮੀਟਿੰਗ ਦੌਰਾਨ ਰਾਜਪਾਲ ਨੇ ਸੂਬੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਵੀ ਸਮੀਖਿਆ ਕੀਤੀ। ਪੀਣ ਵਾਲੇ ਪਾਣੀ ਦੀ ਵਿਵਸਥਾ ‘ਤੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਸ੍ਰੀ ਰਣਬੀਰ ਗੰਗਵਾ, ਜੋ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ, ਨੂੰ ਰਾਜ ਦੇ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿਵਸਥਾ ਨੂੰ ਹੋਰ ਵੱਧ ਮਜ਼ਬੂਤ ਅਤੇ ਪ੍ਰਭਾਵੀ ਬਣਾਉਣ ਦੇ ਨਿਰਦੇਸ਼ ਦਿੱਤੇ।
ਪ੍ਰੋ. ਅਸੀਮ ਕੁਮਾਰ ਘੋਸ਼ ਨੇ ਰਾਜ ਵਿੱਚ ਚੱਲ ਰਹੇ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਅਤੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਵਾਉਣ ਲਈ ਵਿਕਾਸ ਕਾਰਜਾਂ ਵਿੱਚ ਲਗਾਤਾਰ ਗਤੀ ਬਣਾਈ ਰੱਖਣ ‘ਤੇ ਜ਼ੋਰ ਦਿੱਤਾ।
ਸਲਸਵਿਹ/2026
ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਦੇ ਯਤਨਾਂ ਨਾਲ ਖੇਤਰ ਵਿੱਚ 33.78 ਕਰੋੜ ਰੁਪਏ ਦੇ ਸਿੰਚਾਈ ਵਿਕਾਸ ਕਾਰਜਾਂ ਨੂੰ ਮਿਲੀ ਰਫ਼ਤਾਰ
ਲੋਕਾਂ ਨੂੰ ਪੀਣ ਵਾਲਾ ਪਾਣੀ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਸਿੰਚਾਈ ਲਈ ਸਾਰੀਆਂ ਨਹਿਰਾਂ ਦੇ ਟੇਲ ਤੱਕ ਪਾਣੀ ਪਹੁੰਚਾਉਣ ਲਈ ਦ੍ਰਿੜ ਸੰਕਲਪ – ਸ਼ਰੂਤੀ ਚੌਧਰੀ
ਚੰਡੀਗੜ੍ਹ, 25 ਜੂਨ – ਸੂਬੇ ਦੀ ਸਿੰਚਾਈ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਦੇ ਯਤਨਾਂ ਨਾਲ ਜ਼ਿਲ੍ਹੇ ਵਿੱਚ, ਖਾਸ ਕਰਕੇ ਹਲਕਾ ਤੋਸ਼ਾਮ ਖੇਤਰ ਵਿੱਚ ਕਈ ਮਾਈਨਰਾਂ (ਛੋਟੀਆਂ ਨਹਿਰਾਂ) ਦੇ ਨਵੀਨੀਕਰਨ ਦੇ ਕਾਰਜਾਂ ਦੀ ਸੌਗਾਤ ਮਿਲੀ ਹੈ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ। ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਉਪਲਬਧ ਕਰਵਾਉਣ ਅਤੇ ਜਲ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਨਹਿਰਾਂ, ਮਾਈਨਰਾਂ, ਪੁਲਾਂ ਅਤੇ ਪਾਈਪਲਾਈਨ ਪ੍ਰੋਜੈਕਟਾਂ ‘ਤੇ ਕਰੀਬ 33.78 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਵਚਨਬੱਧ ਹੈ ਅਤੇ ਸਿੰਚਾਈ ਵਿਵਸਥਾ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਨਾਲ ਖੇਤਰ ਵਿੱਚ ਪਾਣੀ ਦੀ ਉਪਲਬਧਤਾ ਵਧੇਗੀ, ਸਿੰਚਾਈ ਵਿਵਸਥਾ ਵਿੱਚ ਸੁਧਾਰ ਹੋਵੇਗਾ ਅਤੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਸਿੰਚਾਈ ਵਿਭਾਗ ਅਨੁਸਾਰ ਵੱਖ-ਵੱਖ ਪ੍ਰੋਜੈਕਟਾਂ ‘ਤੇ ਕੁੱਲ 33 ਕਰੋੜ 78 ਲੱਖ 01 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ, ਜਿਸ ਨਾਲ ਭਿਵਾਨੀ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਲਾਭ ਹੋਵੇਗਾ।
ਸਿੰਚਾਈ ਮੰਤਰੀ ਦੇ ਨੁਮਾਇੰਦੇ ਅਤੇ ਸੀਨੀਅਰ ਭਾਜਪਾ ਨੇਤਾ ਐਡਵੋਕੇਟ ਹਰੀ ਸਿੰਘ ਸਾਂਗਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਲਮਪੁਰ ਮਾਈਨਰ, ਥਿਲੋੜ ਡਿਸਟ੍ਰੀਬਿਊਟਰੀ, ਡਾਡਮ ਡਿਸਟ੍ਰੀਬਿਊਟਰੀ, ਡਾਡਮ ਹਿੱਲ ਮਾਈਨਰ ਅਤੇ ਝਾਂਵਰੀ ਡਿਸਟ੍ਰੀਬਿਊਟਰੀ ਦੀ ਰੀਮਾਡਲਿੰਗ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਿਗਾਣਾ ਨਹਿਰ ਅਤੇ ਨਿਗਾਣਾ ਫੀਡਰ ‘ਤੇ ਪੁਲਾਂ ਦਾ ਨਿਰਮਾਣ, ਹੇਤਮਪੁਰਾ ਮਾਈਨਰ ਦੀ ਲਾਈਨਿੰਗ, ਪਟੌਦੀ ਕਲਾਂ ਦੇ ਸੀਤੂਵਾਲਾ ਤਲਾਬ ਤੱਕ ਦੇ ਖੇਤਰ ਤੱਕ ਭੂਮੀਗਤ ਆਰਸੀਸੀ ਪਾਈਪਲਾਈਨ ਅਤੇ ਸਿਸਰ ਮਾਈਨਰ ਦਾ ਨਵੀਨੀਕਰਨ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਸ਼ਰੂਤੀ ਚੌਧਰੀ ਅਤੇ ਸਾਬਕਾ ਸੰਸਦ ਮੈਂਬਰ ਕਿਰਨ ਚੌਧਰੀ ਦੇ ਨੁਮਾਇੰਦੇ ਐਡਵੋਕੇਟ ਹਰੀ ਸਿੰਘ ਸਾਂਗਵਾਨ, ਪ੍ਰਦੀਪ ਗੋਲਾਗੜ੍ਹ, ਪੰਚਾਇਤ ਕਮੇਟੀ ਦੇ ਵਾਈਸ ਚੇਅਰਮੈਨ ਸੁਨੀਲ ਭਾਰੀਵਾਸ, ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਰਾਜਕੁਮਾਰ ਜਾਂਗੜਾ, ਸੁਖਬੀਰ ਚੇਅਰਮੈਨ, ਅਮਿਤ ਬਾਪੌੜਾ ਆਦਿ ਨੇ ਕਿਸਾਨਾਂ ਅਤੇ ਆਮ ਲੋਕਾਂ ਦੇ ਹਿੱਤ ਵਿੱਚ ਲਏ ਗਏ ਇਸ ਫੈਸਲੇ ਲਈ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਅਤੇ ਸਾਬਕਾ ਸੰਸਦ ਮੈਂਬਰ ਕਿਰਨ ਚੌਧਰੀ ਦਾ ਧੰਨਵਾਦ ਕੀਤਾ ਹੈ।