Thursday, June 18
Shadow

31 ਮਾਰਚ ਨੂੰ ਨੰਗਲ ਆਉਣਗੇ ਮੁੱਖ ਮੰਤਰੀ, ਦੇਣਗੇ ਵੱਡੀਆਂ ਵਿਕਾਸੀ ਸੋਗਾਤਾਂ- ਹਰਜੋਤ ਬੈਂਸ

ਨੰਗਲ 24 ਮਾਰਚ: ਨੰਗਲ ਸ਼ਹਿਰ ਦੇ ਵਸਨੀਕਾਂ ਲਈ ਖੁਸ਼ਖਬਰੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 31 ਮਾਰਚ ਨੂੰ ਨੰਗਲ ਦੌਰੇ ’ਤੇ ਆ ਰਹੇ ਹਨ, ਜਿੱਥੇ ਉਹ ਸ਼ਹਿਰ ਨੂੰ ਕਈ ਵੱਡੀਆਂ ਵਿਕਾਸੀ ਸੋਗਾਤਾਂ ਦੇਣਗੇ। ਇਸ ਦੌਰੇ ਦੌਰਾਨ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਮਹੱਤਵਪੂਰਨ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
       ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਨੰਗਲ ਵਾਸੀਆਂ ਲਈ 17 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਟ੍ਰੀਟ ਕੀਤੇ ਸੁੱਧ ਪਾਣੀ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਸ਼ਹਿਰ ਦੇ ਲੋਕਾਂ ਨੂੰ 24 ਘੰਟੇ ਸਾਫ਼ ਅਤੇ ਪੀਣ ਯੋਗ ਪਾਣੀ ਦੀ ਸਪਲਾਈ ਮਿਲੇਗੀ, ਜਿਸ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ।
    ਕੈਬਨਿਟ ਮੰਤਰੀ ਨੇ ਕਿਹਾ ਕਿ ਭਾਵੇਂ ਨੰਗਲ ਤੋਂ ਸਤਲੁਜ ਦਰਿਆ ਦੀ ਸ਼ੁਰੂਆਤ ਹੁੰਦੀ ਹੈ, ਪਰ ਇਹ ਦੁਖਦਾਈ ਗੱਲ ਹੈ ਕਿ ਇੱਥੇ ਦੇ ਲੋਕਾਂ ਨੂੰ ਪੀਣ ਵਾਲਾ ਸੁੱਧ ਪਾਣੀ ਪੂਰੀ ਤਰ੍ਹਾਂ ਉਪਲੱਬਧ ਨਹੀਂ ਸੀ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਤੋਂ ਢਾਈ ਸਾਲਾਂ ਦੇ ਯਤਨਾਂ ਨਾਲ ਇਹ ਮਹੱਤਵਪੂਰਨ ਪ੍ਰੋਜੈਕਟ ਮਨਜ਼ੂਰ ਕਰਵਾਇਆ ਗਿਆ ਹੈ, ਜੋ ਨੰਗਲ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।
     ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਇਸ ਦੌਰੇ ਦੌਰਾਨ ਨੰਗਲ ਵਾਸੀਆਂ ਲਈ ਹੋਰ ਵੀ ਕਈ ਵਿਕਾਸੀ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ ਜਾਵੇਗੀ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਖੇਤਰ ਦੇ ਸੰਤੁਲਿਤ ਵਿਕਾਸ ਲਈ ਵਚਨਬੱਧ ਹੈ ਅਤੇ ਨੰਗਲ ਨੂੰ ਵੀ ਵਿਕਾਸ ਦੇ ਮੈਦਾਨ ਵਿੱਚ ਅੱਗੇ ਲਿਜਾਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *