
ਮੋਗਾ : ਸਿਵਿਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਸ਼ੂਗਰ (ਡਾਇਬਟੀਜ਼) ਦੇ ਮਰੀਜ਼ਾਂ ਨੂੰ ਆਪਣੀ ਸਿਹਤ ਪ੍ਰਤੀ ਵਧੇਰੇ ਸਚੇਤ ਰਹਿਣ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਸ਼ੂਗਰ ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਬਿਮਾਰੀ ਹੈ, ਜਿਸਨੂੰ ਸਹੀ ਜੀਵਨਸ਼ੈਲੀ, ਨਿਯਮਿਤ ਦਵਾਈ ਅਤੇ ਸੰਤੁਲਿਤ ਖੁਰਾਕ ਨਾਲ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸ਼ੂਗਰ ਦੇ ਮਰੀਜ਼ ਨਿਯਮਿਤ ਤੌਰ ’ਤੇ ਆਪਣੇ ਖੂਨ ਵਿੱਚ ਸ਼ੂਗਰ ਦੀ ਜਾਂਚ ਕਰਵਾਉਣ, ਡਾਕਟਰ ਦੀ ਸਲਾਹ ਅਨੁਸਾਰ ਦਵਾਈ ਲੈਣ ਅਤੇ ਬਿਨਾਂ ਸਲਾਹ ਦੇ ਦਵਾਈ ਬੰਦ ਨਾ ਕਰਨ। ਮਿੱਠੀਆਂ ਚੀਜ਼ਾਂ, ਤਲੇ-ਭੁੰਨੇ ਪਦਾਰਥਾਂ ਤੋਂ ਪਰਹੇਜ਼ ਕਰਦੇ ਹੋਏ ਹਰੀਆਂ ਸਬਜ਼ੀਆਂ, ਦਾਲਾਂ ਅਤੇ ਰੇਸ਼ੇਦਾਰ ਖੁਰਾਕ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਗਈ।
ਸਿਵਿਲ ਸਰਜਨ ਨੇ ਕਿਹਾ ਕਿ ਰੋਜ਼ਾਨਾ ਘੱਟੋ-ਘੱਟ 30 ਮਿੰਟ ਟਹਿਲਣਾ ਜਾਂ ਹਲਕੀ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਅੱਖਾਂ, ਗੁਰਦਿਆਂ ਅਤੇ ਪੈਰਾਂ ਦੀ ਨਿਯਮਿਤ ਜਾਂਚ ਕਰਵਾਉਣ ਨਾਲ ਸ਼ੂਗਰ ਨਾਲ ਜੁੜੀਆਂ ਜਟਿਲਤਾਵਾਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਸ਼ੂਗਰ ਦੀ ਜਾਂਚ ਅਤੇ ਇਲਾਜ ਦੀਆਂ ਸੁਵਿਧਾਵਾਂ ਉਪਲਬਧ ਹਨ, ਜਿੱਥੇ ਮਰੀਜ਼ ਮੁਫ਼ਤ ਜਾਂਚ ਅਤੇ ਮਾਹਿਰਾਂ ਦੀ ਸਲਾਹ ਲੈ ਸਕਦੇ ਹਨ।
ਅੰਤ ਵਿੱਚ ਸਿਵਿਲ ਸਰਜਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਸਮੇਂ-ਸਿਰ ਜਾਂਚ ਕਰਵਾਉਣ ਅਤੇ ਸ਼ੂਗਰ ਨੂੰ ਕਾਬੂ ਵਿੱਚ ਰੱਖ ਕੇ ਤੰਦਰੁਸਤ ਆਏ ਸੁਖੀ ਜੀਵਨ ਜੀਉਣ।
ਇਸ ਮੌਕੇ ਓਹਨਾ ਨਾਲ
ਇਸ ਮੌਕੇ ਗੁਰਬਚਨ ਸਿੰਘ ਸੁਪਰਡੈਂਟ, ਪਰਵੀਨ ਸ਼ਰਮਾ ਡੀ ਪੀ ਐਮ, ਛਤਰਪਾਲ ਸਿੰਘ ਚੀਮਾ, ਵਿਕਾਸ ਕੁਮਾਰ , ਰਮਨ ਕੁਮਾਰ, ਬਲਰਾਜ ਸਿੰਘ ਰੌਲੀ, ਮੈਡਮ ਸ਼ਾਲੂ ਮਰਵਾਹ ਡੀ ਐਸ ਏ , ਸੁਮੀਤ ਬਜਾਜ ਕੈਸ਼ੀਅਰ , ਸੁਖਬੀਰ ਸਿੰਘ, ਬਲਜੀਤ ਸਿੰਘ ਧਰਮਕੋਟ , ਅਤੇ ਜਿਲਾ ਮੀਡੀਆ ਕੋਆਰਡੀਨੇਟਰ ਅੰਮ੍ਰਿਤੁ ਸ਼ਰਮਾ ਵੀ ਹਾਜ਼ਿਰ ਸਨ।