Tuesday, June 23
Shadow

ਸ਼੍ਰੀਮਦ ਭਗਵਦ ਗੀਤਾ ਸਿਰਫ਼ ਇੱਕ ਧਾਰਮਿਕ ਗ੍ਰੰਥ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੀ ਇੱਕ ਅਮੁੱਲ ਵਿਰਾਸਤ ਹੈ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 23 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀਮਦ ਭਗਵਦ ਗੀਤਾ ਸਿਰਫ਼ ਇੱਕ ਧਾਰਮਿਕ ਗ੍ਰੰਥ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੀ ਇੱਕ ਅਮੁੱਲ ਵਿਰਾਸਤ ਹੈ। ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਵੱਲੋਂ ਦਿੱਤਾ ਗਿਆ ਕਰਮਯੋਗ ਦਾ ਸੰਦੇਸ਼ ਅੱਜ ਵੀ ਪੂਰੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ। ਗੀਤਾ ਸਾਨੂੰ ਜਿਮੇਵਾਰੀ, ਆਤਮ-ਵਿਸ਼ਵਾਸ, ਧੀਰਜ ਅਤੇ ਮਨੁੱਖੀ ਭਲਾਈ ਦਾ ਰਾਹ ਦਿਖਾਉਂਦੀ ਹੈ।

ਮੁੱਖ ਮੰਤਰੀ ਅੱਜ ਜਪਾਨ ਵਿੱਚ ਆਯੋਜਿਤ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਸਮਾਪਤੀ ਸਮਾਰੋਹ ਮੌਕੇ ਮੌਜੂਦ ਲੋਕਾਂ ਨੂੰ ਚੰਡੀਗੜ੍ਹ ਤੋਂ ਵੀਡੀਓ ਸੰਦੇਸ਼ ਰਾਹੀਂ ਸੰਬੋਧਿਤ ਕਰ ਰਹੇ ਸਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਅੱਗੇ ਕਿਹਾ ਕਿ ਅੱਜ ਜਦੋਂ ਵਿਸ਼ਵ ਕਈ ਚੁਣੌਤੀਆਂ ਅਤੇ ਤਣਾਅ ਦਾ ਸਾਹਮਣਾ ਕਰ ਰਿਹਾ ਹੈ, ਉਦੋਂ ਗੀਤਾ ਦਾ ਸੰਦੇਸ਼ ਸ਼ਾਂਤੀ, ਸਦਭਾਵਨਾ ਅਤੇ ਹਾਂਪੱਖੀ ਸੋਚ ਦੀ ਪ੍ਰੇਰਨਾ ਦਿੰਦਾ ਹੈ। ਇਹੀ ਕਾਰਨ ਹੈ ਕਿ ਗੀਤਾ ਦਾ ਸੰਦੇਸ਼ ਦੁਨੀਆ ਭਰ ਵਿੱਚ ਲੋਕਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਤੋਂ ਸ਼ੁਰੂ ਹੋਇਆ ਅੰਤਰਰਾਸ਼ਟਰੀ ਗੀਤਾ ਮਹੋਤਸਵ ਅੱਜ ਵਿਸ਼ਵ ਦੇ ਕਈ ਦੇਸ਼ਾਂ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਜਪਾਨ ਦੇ ਸਬੰਧ ਹਮੇਸ਼ਾ ਮਜ਼ਬੂਤ ਰਹੇ ਹਨ। ਵਿਸ਼ੇਸ਼ ਤੌਰ ‘ਤੇ ਹਰਿਆਣਾ ਅਤੇ ਜਪਾਨ ਵਿਚਕਾਰ ਆਰਥਿਕ ਅਤੇ ਸੱਭਿਆਚਾਰਕ ਸਹਿਯੋਗ ਲਗਾਤਾਰ ਵਧ ਰਿਹਾ ਹੈ, ਜੋ ਸਾਡੀ ਡੂੰਘੀ ਦੋਸਤੀ ਦਾ ਪ੍ਰਤੀਕ ਹੈ।

ਮੁੱਖ ਮੰਤਰੀ ਨੇ ਇਸ ਆਯੋਜਨ ਦੀ ਸਫਲਤਾ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਗੀਤਾ ਦਾ ਇਹ ਦੈਵੀ ਸੰਦੇਸ਼ ਪੂਰੇ ਵਿਸ਼ਵ ਵਿੱਚ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਭਲਾਈ ਦਾ ਰਾਹ ਪੱਧਰਾ ਕਰਦਾ ਰਹੇਗਾ।

ਇਸ ਮੌਕੇ ਜਪਾਨ ਵਿੱਚ ਪੂਜਨੀਕ ਸਵਾਮੀ ਗਿਆਨਾਨੰਦ ਮਹਾਰਾਜ, ਓਸਾਕਾ ਵਿੱਚ ਭਾਰਤ ਦੇ ਕੌਂਸਲ ਜਨਰਲ ਸ੍ਰੀ ਚੰਦਰੂ ਅੱਪਾਰ, ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਡਾ. ਅਮਿਤ ਅਗਰਵਾਲ, ਆਨਰੇਰੀ ਸਕੱਤਰ ਉਪੇਂਦਰ ਸਿੰਘਲ, ਅਥਾਰਟੀ ਮੈਂਬਰ ਸ੍ਰੀ ਵਿਜੇ ਨਰੂਲਾ, ਹਿੰਦੂ ਸਵੈ ਸੇਵਕ ਸੰਘ ਦੇ ਮੈਂਬਰ, ਇਸਕੋਨ, ਗੀਤਾ ਪਰਿਵਾਰ ਦੇ ਵਰਕਰ ਵੀ ਮੌਜੂਦ ਸਨ।

Leave a Reply

Your email address will not be published. Required fields are marked *