Thursday, June 4
Shadow

ਮਜਦੂਰਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਹਰਿਆਣਾ ਸਰਕਾਰ ਵਚਨਬੱਧ: ਕਿਰਤ ਮੰਤਰੀ ਸ੍ਰੀ ਅਨਿਲ ਵਿੱਜ

ਚੰਡੀਗੜ੍ਹ, 12 ਮਈ – ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਹਾ ਕਿ ਮੌਜੂਦਾ ਰਾਜ ਸਰਕਾਰ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਹਤਰ, ਸੁਲਭ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਰਤੀ ਦੇਸ਼ ਅਤੇ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਇਸ ਲਈ ਉਨ੍ਹਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀਆਂ ਸਰਵਉੱਚ ਤਰਜੀਹਾਂ ਵਿੱਚ ਸ਼ਾਮਲ ਹੈ। ਇਸੇ ਉਦੇਸ਼ ਤਹਿਤ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸੂਬੇ ਦੇ 34 ਸਥਾਨਾਂ ‘ਤੇ ਈ.ਐਸ.ਆਈ.ਸੀ. ਹਸਪਤਾਲਾਂ ਅਤੇ ਡਿਸਪੈਂਸਰੀਆਂ ਦਾ ਨਿਰਮਾਣ ਅਤੇ ਵਿਸਤਾਰ ਕਾਰਜ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਤਾਂ ਜੋ ਕਿਰਤੀਆਂ ਨੂੰ ਉਨ੍ਹਾਂ ਦੇ ਨੇੜੇ ਹੀ ਆਧੁਨਿਕ ਸਿਹਤ ਸਹੂਲਤਾਂ ਮਿਲ ਸਕਣ।

ਇਸ ਸਬੰਧ ਵਿੱਚ ਅੱਜ ਕਿਰਤ ਮੰਤਰੀ ਸ੍ਰੀ ਅਨਿਲ ਵਿੱਜ ਨੇ ਈ.ਐਸ.ਆਈ.ਸੀ. ਵਿਭਾਗ ਦੇ ਅਧਿਕਾਰੀਆਂ ਦੀ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਸਾਰੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਈ.ਐਸ.ਆਈ.ਸੀ. ਰਾਹੀਂ ਚਲਾਏ ਜਾ ਰਹੇ ਸਾਰੇ ਨਿਰਮਾਣ ਕਾਰਜਾਂ ਅਤੇ ਪ੍ਰੋਜੈਕਟਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਤਰਜੀਹੀ ਅਧਾਰ ‘ਤੇ ਪੂਰਾ ਕੀਤਾ ਜਾਵੇ, ਤਾਂ ਜੋ ਕਿਰਤੀਆਂ ਨੂੰ ਜਲਦੀ ਤੋਂ ਜਲਦੀ ਇਨ੍ਹਾਂ ਸਹੂਲਤਾਂ ਦਾ ਲਾਭ ਮਿਲ ਸਕੇ।

ਸ੍ਰੀ ਵਿੱਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜਿਨ੍ਹਾਂ ਪ੍ਰੋਜੈਕਟਾਂ ਵਿੱਚ ਕਿਸੇ ਕਿਸਮ ਦੀ ਰੁਕਾਵਟ, ਦੇਰੀ ਜਾਂ ਲੰਬਿਤ ਕਾਰਜ ਹਨ, ਉਨ੍ਹਾਂ ਦੀ ਵਿਸਤ੍ਰਿਤ ਸੂਚੀ ਤਿਆਰ ਕੀਤੀ ਜਾਵੇ ਅਤੇ ਨਿਯਮਤ ਨਿਗਰਾਨੀ ਰਾਹੀਂ ਉਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਹੁਣ ਹਰ ਮਹੀਨੇ ਨਿੱਜੀ ਤੌਰ ‘ਤੇ ਉਨ੍ਹਾਂ ਵੱਲੋਂ ਕੀਤੀ ਜਾਵੇਗੀ ਅਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੀਟਿੰਗ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਝੱਜਰ ਦੇ ਬਹਾਦਰਗੜ੍ਹ ਵਿੱਚ 100 ਬਿਸਤਰਿਆਂ ਵਾਲੇ ਈ.ਐਸ.ਆਈ. ਹਸਪਤਾਲ ਦਾ 98 ਪ੍ਰਤੀਸ਼ਤ ਤੋਂ ਵੱਧ ਸਿਵਲ ਕੰਮ ਪੂਰਾ ਹੋ ਚੁੱਕਾ ਹੈ। ਉੱਥੇ ਹੀ, ਜ਼ਿਲ੍ਹਾ ਰੇਵਾੜੀ ਦੇ ਬਾਵਲ ਵਿੱਚ ਬਣ ਰਹੇ 150 ਬਿਸਤਰਿਆਂ ਦੇ ਈ.ਐਸ.ਆਈ. ਹਸਪਤਾਲ ਦਾ ਲਗਭਗ 90 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਵੀ ਜਲਦੀ ਮੁਕੰਮਲ ਕਰ ਲਿਆ ਜਾਵੇਗਾ।

ਅਧਿਕਾਰੀਆਂ ਨੇ ਦੱਸਿਆ ਕਿ ਰੋਹਤਕ ਵਿੱਚ 150 ਬਿਸਤਰਿਆਂ ਵਾਲਾ ਈ.ਐਸ.ਆਈ. ਹਸਪਤਾਲ ਅਤੇ ਮਾਨੇਸਰ ਵਿੱਚ 500 ਬਿਸਤਰਿਆਂ ਦਾ ਅਤਿ-ਆਧੁਨਿਕ ਈ.ਐਸ.ਆਈ. ਹਸਪਤਾਲ ਸਥਾਪਿਤ ਕਰਨਾ ਪ੍ਰਸਤਾਵਿਤ ਹੈ, ਜਿਨ੍ਹਾਂ ਦਾ ਕੰਮ ਜਲਦੀ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਸੋਨੀਪਤ ਦੇ ਬਾਰਹੀ ਅਤੇ ਰਾਈ ਸਥਿਤ ਈ.ਐਸ.ਆਈ. ਡਿਸਪੈਂਸਰੀਆਂ ਦਾ ਲਗਭਗ 95 ਪ੍ਰਤੀਸ਼ਤ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ, ਜਦੋਂ ਕਿ ਪੰਚਕੂਲਾ ਦੀ ਈ.ਐਸ.ਆਈ. ਡਿਸਪੈਂਸਰੀ ਨੂੰ ਚਾਲੂ ਵੀ ਕਰ ਦਿੱਤਾ ਗਿਆ ਹੈ।

ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਅੰਬਾਲਾ ਵਿੱਚ 100 ਬਿਸਤਰਿਆਂ ਦਾ ਈ.ਐਸ.ਆਈ. ਹਸਪਤਾਲ, ਹਿਸਾਰ ਵਿੱਚ 100 ਬਿਸਤਰਿਆਂ ਦਾ ਹਸਪਤਾਲ, ਸੋਨੀਪਤ ਵਿੱਚ 150 ਬਿਸਤਰਿਆਂ ਦਾ ਈ.ਐਸ.ਆਈ. ਹਸਪਤਾਲ ਅਤੇ ਕਰਨਾਲ ਵਿੱਚ 30 ਬਿਸਤਰਿਆਂ ਦੇ ਹਸਪਤਾਲ ਦੇ ਕੰਮ ਪ੍ਰਗਤੀ ਅਧੀਨ ਹਨ। ਇਸ ਦੇ ਨਾਲ-ਨਾਲ ਸੂਬੇ ਦੇ ਵੱਖ-ਵੱਖ ਖੇਤਰਾਂ ਜਿਵੇਂ ਆਈ.ਐਮ.ਟੀ. ਰੋਹਤਕ, ਸਾਹਾ, ਸੋਹਨਾ, ਖਰਖੌਦਾ, ਨੂਹ, ਗੋਹਾਨਾ, ਪਾਣੀਪਤ, ਕੁਰੂਕਸ਼ੇਤਰ, ਝਾੜਲੀ, ਪਟੌਦੀ, ਕੁੰਡਲੀ, ਬਹਾਲਗੜ੍ਹ, ਤਰਾਵੜੀ, ਘਰੌਂਡਾ, ਝੱਜਰ, ਕੈਥਲ, ਫਰੂਖਨਗਰ, ਕੋਸਲੀ, ਚਰਖੀ ਦਾਦਰੀ, ਛਛਰੌਲੀ, ਦਾਦਰੀ ਟੋਏ ਅਤੇ ਮੁਲਾਣਾ ਵਿੱਚ ਈ.ਐਸ.ਆਈ. ਡਿਸਪੈਂਸਰੀਆਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ।

ਸ੍ਰੀ ਵਿੱਜ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਇਮਾਰਤ ਨਿਰਮਾਣ ਤੱਕ ਸੀਮਤ ਨਹੀਂ ਹੈ, ਸਗੋਂ ਕਿਰਤੀਆਂ ਨੂੰ ਮਿਆਰੀ ਡਾਕਟਰੀ ਸੇਵਾਵਾਂ, ਆਧੁਨਿਕ ਉਪਕਰਨ, ਮਾਹਿਰ ਡਾਕਟਰ ਅਤੇ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਰਤੀਆਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਲਈ ਨਿਰੰਤਰ ਠੋਸ ਕਦਮ ਚੁੱਕ ਰਹੀ ਹੈ ਅਤੇ ਈ.ਐਸ.ਆਈ.ਸੀ. ਸਹੂਲਤਾਂ ਦਾ ਵਿਸਤਾਰ ਇਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਹੈ।

ਮੀਟਿੰਗ ਵਿੱਚ ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ, ਐਚ.ਐਸ.ਆਈ.ਆਈ.ਡੀ.ਸੀ. ਦੇ ਪ੍ਰਬੰਧ ਨਿਰਦੇਸ਼ਕ ਸ੍ਰੀ ਸੁਸ਼ੀਲ ਸਾਰਵਾਨ, ਸ਼ਹਿਰੀ ਸਥਾਨਕ ਨਿਕਾਏ ਵਿਭਾਗ ਦੇ ਨਿਰਦੇਸ਼ਕ ਸ੍ਰੀ ਮੁਕੁਲ ਕੁਮਾਰ, ਈ.ਐਸ.ਆਈ. ਦੀ ਨਿਰਦੇਸ਼ਕ ਕੁਮਾਰੀ ਅੰਜਲੀ ਸਚਦੇਵਾ, ਈ.ਐਸ.ਆਈ.ਸੀ. ਦੇ ਖੇਤਰੀ ਨਿਰਦੇਸ਼ਕ ਸ੍ਰੀ ਹਰੀਓਮ ਪ੍ਰਕਾਸ਼ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *