Wednesday, July 29
Shadow

ਸ਼ਾਹਜ਼ਾਦਪੁਰ ਦੇ ਸਰਕਾਰੀ ਮਹਿਲਾ ਕਾਲਜ ਦਾ ਨਾਮ ਹੁਣ ਹੋਵੇਗਾ ‘ਮਹਾਰਾਣੀ ਪਦਮਾਵਤੀ ਸਰਕਾਰੀ ਮਹਿਲਾ ਕਾਲਜ’ – ਸਿੱਖਿਆ ਮੰਤਰੀ ਮਹੀਪਾਲ ਢਾਂਡਾ

ਚੰਡੀਗੜ੍ਹ, 10 ਜੁਲਾਈ – ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਮਹਿਲਾ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਅਤੇ ਸਾਡੇ ਅਮੀਰ ਸੱਭਿਆਚਾਰਕ ਇਤਿਹਾਸ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਮੁੱਖ ਮੰਤਰੀ ਦੇ ਐਲਾਨ ਤਹਿਤ ਸ਼ਾਹਜ਼ਾਦਪੁਰ ਸਥਿਤ ਸਰਕਾਰੀ ਮਹਿਲਾ ਕਾਲਜ ਦਾ ਨਾਮ ਬਦਲ ਕੇ ਹੁਣ ‘ਮਹਾਰਾਣੀ ਪਦਮਾਵਤੀ ਸਰਕਾਰੀ ਮਹਿਲਾ ਕਾਲਜ, ਸ਼ਾਹਜ਼ਾਦਪੁਰ’ ਕਰਨ ਦੇ ਪ੍ਰਸਤਾਵ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਮਹਾਰਾਣੀ ਪਦਮਾਵਤੀ ਦਾ ਜੀਵਨ ਤਿਆਗ, ਸਾਹਸ ਅਤੇ ਅਦੁੱਤੀ ਆਤਮ-ਸਨਮਾਨ ਦਾ ਪ੍ਰਤੀਕ ਹੈ। ਕਾਲਜ ਦਾ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖੇ ਜਾਣ ਨਾਲ ਨਾ ਸਿਰਫ਼ ਖੇਤਰ ਦੀਆਂ ਵਿਦਿਆਰਥਣਾਂ ਨੂੰ ਪ੍ਰੇਰਨਾ ਮਿਲੇਗੀ, ਸਗੋਂ ਉਹ ਰਾਸ਼ਟਰ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਵੀ ਸੰਜੀਦਗੀ ਨਾਲ ਸਮਝ ਸਕਣਗੀਆਂ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸ਼ਾਨਦਾਰ ਇਤਿਹਾਸ ਅਤੇ ਮਹਾਂਪੁਰਸ਼ਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ।

ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਮੌਜੂਦਾ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨੈਤਿਕ ਮੁੱਲਾਂ ‘ਤੇ ਆਧਾਰਿਤ ਸਿੱਖਿਆ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸ਼ਾਹਜ਼ਾਦਪੁਰ ਦੇ ਇਸ ਮਹਿਲਾ ਕਾਲਜ ਦਾ ਨਵਾਂ ਨਾਮਕਰਨ ਕੁੜੀਆਂ ਵਿੱਚ ਸਵੈ-ਮਾਣ ਅਤੇ ਉੱਚ ਆਦਰਸ਼ਾਂ ਦੀ ਭਾਵਨਾ ਦਾ ਸੰਚਾਰ ਕਰੇਗਾ। ਉਨ੍ਹਾਂ ਇਸ ਫੈਸਲੇ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਪ੍ਰਗਟਾਇਆ।

Leave a Reply

Your email address will not be published. Required fields are marked *