
ਚੰਡੀਗੜ੍ਹ, 4 ਜੂਨ- ਹਰਿਆਣਾ ਦੇ ਸਿੱਖਿਆ ਅਤੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਅਵਸਰ ਪ੍ਰਦਾਨ ਕਰਨ ਅਤੇ ਸੂਬੇ ਦੀ ਤਕਨੀਕੀ ਸਿੱਖਿਆ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ਆਗਾਮੀ ਵਿਦਿਅਕ ਸੈਸ਼ਨ 2026-27 ਤੋਂ ਰਾਜ ਦੀਆਂ ਵੱਖ-ਵੱਖ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਕਈ ਨਵੇਂ ਆਧੁਨਿਕ, ਉਦਯੋਗਮੁਖੀ ਡਿਪਲੋਮਾ ਅਤੇ ਤਕਨੀਕੀ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।
ਉਦਯੋਗਾਂ ਦੀ ਆਧੁਨਿਕ ਮੰਗ ਦੇ ਅਨੁਕੂਲ ਤਿਆਰ ਕੀਤੇ ਗਏ ਕੋਰਸ
ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਇਹ ਕਦਮ ਉਦਯੋਗਾਂ ਦੀਆਂ ਵਰਤਮਾਨ ਅਤੇ ਭਵਿੱਖ ਦੀਆਂ ਲੋੜਾਂ, ਤਕਨੀਕਾਂ ਅਤੇ ਹੁਨਰ ਅਧਾਰਿਤ ਰੁਜ਼ਗਾਰ ਦੇ ਅਵਸਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਯੁੱਗ ਤੇਜ਼ੀ ਨਾਲ ਬਦਲ ਰਹੀ ਤਕਨੀਕ ਦਾ ਹੈ, ਇਸ ਲਈ ਸਾਡੇ ਨੌਜਵਾਨਾਂ ਕੋਲ ਅਜਿਹੇ ਹੁਨਰ ਹੋਣੇ ਚਾਹੀਦੇ ਹਨ ਜੋ ਉਨ੍ਹਾਂ ਨੂੰ ਤੁਰੰਤ ਰੁਜ਼ਗਾਰ ਦਿਵਾ ਸਕਣ।
ਨਵੇਂ ਸੈਸ਼ਨ ਤੋਂ ਸ਼ੁਰੂ ਹੋਣ ਵਾਲੇ ਇਹ ਹਨ ਮੁੱਖ ਪਾਠਕ੍ਰਮ
ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਸੰਸਥਾਵਾਂ ਵਿੱਚ ਇਲੈਕਟ੍ਰੌਨਿਕਸ ਇੰਜੀਨੀਅਰਿੰਗ , ਸਾਈਬਰ ਫੋਰੈਂਸਿਕਸ ਅਤੇ ਸੂਚਨਾ ਸੁਰੱਖਿਆ, ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ, ਆਰਟੀਫਿਸਰ ਟ੍ਰੇਨਿੰਗ (ਇਲੈਕਟ੍ਰੀਕਲ), ਵਾਤਾਵਰਣ ਇੰਜੀਨੀਅਰਿੰਗ, ਜੀਓ ਇਨਫੋਰਮੈਟਿਕਸ ਅਤੇ ਸਰਵੇਖਣ ਤਕਨਾਲੋਜੀ, ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਇਲੈਕਟ੍ਰਿਕ ਵ੍ਹੀਕਲ ਟੈਕਨਾਲੋਜੀ, ਟੈਕਨੀਸ਼ੀਅਨ ਐਕਸ-ਰੇ ਟੈਕਨਾਲੋਜੀ, ਪੱਤਰਕਾਰੀ ਅਤੇ ਜਨਸੰਚਾਰ, ਸ਼ੂਗਰ ਟੈਕਨਾਲੋਜੀ ਅਤੇ ਐਪੈਰਲ ਡਿਜ਼ਾਈਨ ਅਤੇ ਫੈਸ਼ਨ ਟੈਕਨਾਲੋਜੀ ਕੋਰਸ ਸ਼ੁਰੂ ਹੋਣਗੇ।
ਰਾਸ਼ਟਰੀ ਸਿੱਖਿਆ ਨੀਤੀ-2020 ਅਤੇ ਉਦਯੋਗ 4.0 ‘ਤੇ ਫੋਕਸ
ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਇਨ੍ਹਾਂ ਸਾਰੇ ਨਵੇਂ ਪਾਠਕ੍ਰਮਾਂ ਵਿੱਚ ਹਰੇਕ ਕੋਰਸ ਲਈ 60-60 ਵਿਦਿਆਰਥੀਆਂ ਦੇ ਦਾਖਲੇ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਪਾਠਕ੍ਰਮਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨੀਕਾਂ, ਡਿਜੀਟਲ ਸੁਰੱਖਿਆ, ਹਰਿਤ ਤਕਨਾਲੋਜੀ, ਸਿਹਤ ਸੇਵਾਵਾਂ, ਇਲੈਕਟ੍ਰਿਕ ਮੋਬਿਲਿਟੀ ਅਤੇ ਵਿਸ਼ੇਸ਼ ਉਦਯੋਗਿਕ ਖੇਤਰਾਂ ਨਾਲ ਸੰਬੰਧਿਤ ਪ੍ਰੈਕਟੀਕਲ ਤੇ ਰੁਜ਼ਗਾਰਮੁਖੀ ਸਿੱਖਿਆ ਪ੍ਰਦਾਨ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਮਹੱਤਵਪੂਰਨ ਪਹਿਲ ਰਾਸ਼ਟਰੀ ਸਿੱਖਿਆ ਨੀਤੀ-2020 (ਐੱਨਈਪੀ-2020) ਅਤੇ ਉਦਯੋਗ 4.0 ਦੀਆਂ ਲੋੜਾਂ ਦੇ ਅਨੁਕੂਲ ਤਕਨੀਕੀ ਸਿੱਖਿਆ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸਾਬਤ ਹੋਵੇਗੀ। ਤਕਨੀਕੀ ਸਿੱਖਿਆ ਵਿਭਾਗ ਦਾ ਇਹ ਯਤਨ ਨਾ ਸਿਰਫ਼ ਨੌਜਵਾਨਾਂ ਦੀ ਰੁਜ਼ਗਾਰ ਸਮਰੱਥਾ ਨੂੰ ਵਧਾਏਗਾ, ਬਲਕਿ ਉਦਯੋਗਾਂ ਲਈ ਰਾਜ ਵਿੱਚ ਹੀ ਕੁਸ਼ਲ ਅਤੇ ਯੋਗ ਮਾਨਵ ਸੰਸਾਧਨ (ਮਨੁੱਖੀ ਸਰੋਤ) ਵੀ ਤਿਆਰ ਕਰੇਗਾ।