Sunday, June 14
Shadow

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲੇ ਆਸਟ੍ਰੇਲੀਆ ਦੇ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਮਾਈਕਲ ਕਲਾਰਕ

ਚੰਡੀਗੜ੍ਹ, 9 ਜੂਨ – ਆਸਟ੍ਰੇਲੀਆ ਕ੍ਰਿਕੇਟ ਟੀਮ ਦੇ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਸੰਤ ਕਬੀਰ ਕੁਟੀਰ ਵਿਖੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਦੋਵਾਂ ਨੇ ਕ੍ਰਿਕੇਟ ਅਤੇ ਖੇਡਾਂ ਦੇ ਵਿਕਾਸ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕੀਤੀ ਅਤੇ ਮੁੱਖ ਮੰਤਰੀ ਤੇ ਮਾਈਕਲ ਕਲਾਰਕ ਨੇ ਕ੍ਰਿਕੇਟ ਵੀ ਖੇਡੀ।

ਮੁਲਾਕਾਤ ਦੌਰਾਨ ਮਾਈਕਲ ਕਲਾਰਕ ਨੇ ਮੁੱਖ ਮੰਤਰੀ ਦੇ ਖੇਡ ਪ੍ਰੇਮ ਅਤੇ ਕ੍ਰਿਕੇਟ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਵੱਲ ਇੱਕ ਗੇਂਦ ਸੁੱਟੀ ਅਤੇ ਮੁੱਖ ਮੰਤਰੀ ਨੇ ਉਸ ‘ਤੇ ਸ਼ਾਨਦਾਰ ਛੱਕਾ ਜੜ ਦਿੱਤਾ।

ਮਾਈਕਲ ਕਲਾਰਕ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧ ਬਹੁਤ ਮਹੱਤਵਪੂਰਨ ਹਨ ਅਤੇ ਖੇਡਾਂ ਦੇ ਮਾਧਿਅਮ ਰਾਹੀਂ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਹੋਰ ਮਜ਼ਬੂਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਖੇਡ ਪ੍ਰਤਿਭਾਵਾਂ ਦੀ ਧਰਤੀ ਹੈ ਅਤੇ ਇੱਥੇ ਕਈ ਵਿਸ਼ਵ ਪੱਧਰੀ ਖਿਡਾਰੀ ਪੈਦਾ ਹੋਏ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਰਾਜ ਵਿੱਚ ਕ੍ਰਿਕੇਟ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ ਅਤੇ ਭਵਿੱਖ ਵਿੱਚ ਇੱਥੋਂ ਹੋਰ ਵੀ ਵਧੀਆ ਕ੍ਰਿਕੇਟਰ ਸਾਹਮਣੇ ਆਉਣਗੇ।

ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾ ਵਿੱਚ ਹੋਰ ਸਮਾਂ ਬਿਤਾਉਣ ਦੇ ਇੱਛੁਕ ਹਨ ਤਾਂ ਜੋ ਰਾਜ ਦੇ ਨੌਜਵਾਨ ਖਿਡਾਰੀਆਂ ਨੂੰ ਆਪਣੇ ਅਨੁਭਵ ਦਾ ਲਾਭ ਦੇ ਸਕਣ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਕ੍ਰਿਕੇਟ ਅਕੈਡਮੀ ਸਥਾਪਿਤ ਕਰਨ ਦੀ ਸੰਭਾਵਨਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮਾਈਕਲ ਕਲਾਰਕ ਨੇ ਕਿਹਾ ਕਿ ਉਹ ਨੌਜਵਾਨ ਆਸਟ੍ਰੇਲੀਆਈ ਖਿਡਾਰੀਆਂ ਨੂੰ ਭਾਰਤ ਲਿਆਉਣ ਦੇ ਨਾਲ-ਨਾਲ ਭਾਰਤੀ ਖਿਡਾਰੀਆਂ ਨੂੰ ਵੀ ਆਸਟ੍ਰੇਲੀਆ ਲੈ ਕੇ ਜਾਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਨ, ਤਾਂ ਜੋ ਦੋਵਾਂ ਦੇਸ਼ਾਂ ਦੇ ਨੌਜਵਾਨ ਕ੍ਰਿਕੇਟਰਾਂ ਨੂੰ ਕੌਮਾਂਤਰੀ ਪੱਧਰ ‘ਤੇ ਸਿੱਖਣ ਅਤੇ ਅਨੁਭਵ ਹਾਸਲ ਕਰਨ ਦੇ ਹੋਰ ਮੌਕੇ ਮਿਲ ਸਕਣ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਾਈਕਲ ਕਲਾਰਕ ਦਾ ਹਰਿਆਣਾ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਰਾਜ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਬਿਹਤਰ ਮੌਕੇ ਮੁਹੱਈਆ ਕਰਵਾਉਣ ਲਈ ਲਗਾਤਾਰ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦਾ ਮਾਰਗਦਰਸ਼ਨ ਰਾਜ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾਦਾਇਕ ਸਾਬਤ ਹੋਵੇਗਾ।

ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪੋਲੀਟੀਕਲ ਐਡਵਾਈਜ਼ਰ ਸ੍ਰੀ ਤਰੁਣ ਭੰਡਾਰੀ ਸਮੇਤ ਹੋਰ ਮਾਣਯੋਗ ਸੱਜਣ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *