Tuesday, June 23
Shadow

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ ਪ੍ਰਕਿਰਿਆ ਸਬੰਧੀ ਦਿੱਤੀ ਜਾਣਕਾਰੀ

ਫ਼ਰੀਦਕੋਟ, 23 ਜੂਨ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.) ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ 25 ਜੂਨ 2026 ਤੋਂ ਐਨਯੂਮੇਰੇਸ਼ਨ ਫੇਜ਼ ਸ਼ੁਰੂ ਹੋ ਰਿਹਾ ਹੈ, ਜੋ 24 ਜੁਲਾਈ 2026 ਤੱਕ ਚੱਲੇਗਾ।

ਇਸ ਸਬੰਧੀ ਅੱਜ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੂੰ ਐਸ.ਆਈ.ਆਰ ਦੇ ਸ਼ਡਿਊਲ ਅਤੇ ਹਦਾਇਤਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਐਨਯੂਮੇਰੇਸ਼ਨ ਫੇਜ਼ ਦੌਰਾਨ ਬੂਥ ਲੈਵਲ ਅਫ਼ਸਰ ਘਰ-ਘਰ ਜਾ ਕੇ ਐਨਯੂਮੇਰੇਸ਼ਨ ਫਾਰਮ ਦੀ ਵੰਡ ਅਤੇ ਭਰੇ ਹੋਏ ਫਾਰਮਾਂ ਦੀ ਪ੍ਰਾਪਤੀ ਕਰਨਗੇ। ਵੋਟਰ ECINet ਪੋਰਟਲ ਰਾਹੀਂ ਵੀ ਆਪਣੇ ਫਾਰਮ ਆਨਲਾਈਨ ਭਰ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਤੋਂ ਐਨਯੂਮੇਰੇਸ਼ਨ ਫਾਰਮ ਪ੍ਰਾਪਤ ਨਹੀਂ ਹੋਣਗੇ, ਉਨ੍ਹਾਂ ਦੀ ਸੂਚੀ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਨਾਲ ਸਾਂਝੀ ਕੀਤੀ ਜਾਵੇਗੀ। ਐਨਯੂਮੇਰੇਸ਼ਨ ਫੇਜ਼ ਦੌਰਾਨ ਫਾਰਮ ਜਮ੍ਹਾਂ ਨਾ ਕਰਵਾਉਣ ਵਾਲੇ ਵੋਟਰਾਂ ਦੇ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ। ਹਾਲਾਂਕਿ ਦਾਅਵੇ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਉਹ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੀ ਵੋਟ ਲਈ ਅਰਜ਼ੀ ਦੇ ਸਕਣਗੇ।

ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ-06 ਅਤੇ ਸੋਧ ਲਈ ਫਾਰਮ ਨੰਬਰ-08 ਵੀ ਬੀ.ਐੱਲ.ਓਜ ਕੋਲ ਉਪਲਬਧ ਹੋਣਗੇ। ਇਸ ਤੋਂ ਇਲਾਵਾ ਪ੍ਰੀ ਐਸ.ਆਈ.ਆਰ ਮੈਪਿੰਗ  ਦੌਰਾਨ ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਹੋ ਸਕੀ, ਉਨ੍ਹਾਂ ਦੀਆਂ ਸੂਚੀਆਂ ਵੀ ਰਾਜਨੀਤਿਕ ਪਾਰਟੀਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਨਾਗਰਿਕਾਂ ਦੀ ਸਹਾਇਤਾ ਲਈ ਟੋਲ ਫ੍ਰੀ ਨੰਬਰ 1950 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਪੱਧਰ ‘ਤੇ ਸਥਾਪਿਤ ਸ਼ਿਕਾਇਤ ਸੈੱਲਾਂ ਰਾਹੀਂ ਵੀ ਐਸ.ਆਈ.ਆਰ. ਸਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਸਕਦੀਆਂ ਹਨ।

ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੂਥ ਲੈਵਲ ਏਜੰਟਾਂ ਰਾਹੀਂ ਬੀਐਲਓਜ ਦਾ ਪੂਰਾ ਸਹਿਯੋਗ ਕਰਨ ਤਾਂ ਜੋ ਵੋਟਰ ਸੂਚੀ ਦੀ ਸੋਧ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਮੀਟਿੰਗ ਵਿੱਚ ਜ਼ਿਲ੍ਹਾ ਚੋਣ ਤਹਿਸੀਲਦਾਰ ਸ੍ਰੀਮਤੀ ਪੂਨਮ ਸਿੱਧੂ, ਪ੍ਰੋਗਰਾਮਰ ਸ੍ਰੀ ਵਿਸ਼ਾਲ ਪਰਾਸ਼ਰ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *