Friday, June 5
Shadow

ਸਿਹਤ ਮੰਤਰੀ ਆਰਤੀ ਸਿੰਘ ਰਾਓ ਦੀ ਜਨਤਾ ਨੂੰ ਵੱਡੀ ਸੌਗਾਤ

ਚੰਡੀਗੜ੍ਹ, 5 ਜੂਨ – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਯਤਨਾਂ ਨਾਲ ਸੂਬੇ ਦੇ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਦੋ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ। ਰਾਜ ਸਰਕਾਰ ਨੇ ਜਿੱਥੇ 200 ਬੈੱਡਾਂ ਦੇ ਜ਼ਿਲ੍ਹਾ ਨਾਗਰਿਕ ਹਸਪਤਾਲ, ਪਾਣੀਪਤ ਲਈ 122 ਰੇਗੂਲਰ ਅਸਾਮੀਆਂ ਅਤੇ 97 ਅਸਾਮੀਆਂ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੇ ਮਾਧਿਅਮ ਰਾਹੀਂ ਭਰਨ ਸਮੇਤ ਕੁੱਲ 219 ਅਸਾਮੀਆਂ ਦੀ ਸਿਰਜਣਾ ਅਤੇ ਪ੍ਰਵਾਨਗੀ ਦਿੱਤੀ ਹੈ, ਉੱਥੇ ਹੀ ਜ਼ਿਲ੍ਹਾ ਕੁਰੂਕਸ਼ੇਤਰ ਦੇ ਉਪ-ਸਿਹਤ ਕੇਂਦਰ ‘ਥਾਣਾ’ ਨੂੰ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਅਪਗ੍ਰੇਡ ਕਰਨ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਪ੍ਰਦੇਸ਼ ਸਰਕਾਰ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਇਨ੍ਹਾਂ ਫ਼ੈਸਲਿਆਂ ਨਾਲ ਲੋਕਾਂ ਨੂੰ ਬਿਹਤਰ, ਸੁਲਭ ਅਤੇ ਗੁਣਵੱਤਾ ਭਰਪੂਰ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ ਅਤੇ ਸਿਹਤ ਸੇਵਾਵਾਂ ਦੀ ਪਹੁੰਚ ਅਤੇ ਸਮਰੱਥਾ ਵਿੱਚ ਸ਼ਲਾਘਾਯੋਗ ਵਾਧਾ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਪਾਣੀਪਤ ਦੇ 200 ਬੈੱਡਾਂ ਦੇ ਨਾਗਰਿਕ ਹਸਪਤਾਲ ਵਿੱਚ ਮਾਹਰ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਤਕਨੀਕੀ ਕਰਮਚਾਰੀਆਂ ਦੀ ਉਪਲਬਧਤਾ ਵਧਾਉਣ ਲਈ 122 ਨਿਯਮਤ ਅਸਾਮੀਆਂ ਪ੍ਰਵਾਨਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਡੈਂਟਲ ਸਰਜਨ, ਕਲੀਨੀਕਲ ਸਾਈਕੋਲੋਜਿਸਟ, ਫਿਜ਼ੀਓਥੈਰੇਪਿਸਟ, ਨਰਸਿੰਗ ਸਟਾਫ਼, ਫਾਰਮਾਸਿਸਟ, ਲੈਬ ਟੈਕਨੀਸ਼ੀਅਨ, ਰੇਡੀਓਗ੍ਰਾਫਰ, ਆਪ੍ਰੇਸ਼ਨ ਥੀਏਟਰ ਸਹਾਇਕ, ਡਾਇਟੀਸ਼ੀਅਨ, ਬਾਇਓ ਮੈਡੀਕਲ ਇੰਜੀਨੀਅਰ, ਸੋਸ਼ਲ ਵਰਕਰ ਅਤੇ ਜਨਸੰਪਰਕ ਅਫ਼ਸਰ ਸਮੇਤ ਵੱਖ-ਵੱਖ ਸ਼੍ਰੇਣੀਆਂ ਦੀਆਂ ਅਸਾਮੀਆਂ ਸ਼ਾਮਲ ਹਨ।

ਇਸ ਤੋਂ ਇਲਾਵਾ ਹਸਪਤਾਲ ਦੀਆਂ ਸਹਾਇਕ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ 17 ਡਾਟਾ ਐਂਟਰੀ ਆਪਰੇਟਰ, 37 ਸਵੀਪਰ, 37 ਵਾਰਡ ਸਰਵੈਂਟ, 5 ਸੁਰੱਖਿਆ ਗਾਰਡ ਅਤੇ 1 ਸੁਪਰਵਾਈਜ਼ਰ ਦੀਆਂ ਅਸਾਮੀਆਂ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੇ ਮਾਧਿਅਮ ਰਾਹੀਂ ਭਰੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਦੀ ਸਿਰਜਣਾ ਨਾਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਤੁਰੰਤ ਸਿਹਤ ਸੇਵਾਵਾਂ ਮਿਲ ਸਕਣਗੀਆਂ।

ਉੱਥੇ ਹੀ ਕੁਰੂਕਸ਼ੇਤਰ ਜ਼ਿਲ੍ਹੇ ਦੇ ‘ਥਾਣਾ’ ਉਪ-ਸਿਹਤ ਕੇਂਦਰ ਨੂੰ ਪ੍ਰਾਇਮਰੀ ਸਿਹਤ ਵਿੱਚ ਅਪਗ੍ਰੇਡ ਕੀਤੇ ਜਾਣ ਨਾਲ ਖੇਤਰ ਦੇ ਲੋਕਾਂ ਨੂੰ ਸਥਾਨਕ ਪੱਧਰ ‘ਤੇ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ। ਨਵੇਂ ਪ੍ਰਵਾਨਿਤ ਪੀਐਚਸੀ ਵਿੱਚ ਇੱਕ ਮੈਡੀਕਲ ਅਫ਼ਸਰ, ਇੱਕ ਮਹਿਲਾ ਮੈਡੀਕਲ ਅਫ਼ਸਰ, ਇੱਕ ਡੈਂਟਲ ਸਰਜਨ, ਇੱਕ ਫਾਰਮਾਸਿਸਟ, ਦੋ ਸਟਾਫ਼ ਨਰਸ, ਇੱਕ ਲੈਬ ਟੈਕਨੀਸ਼ੀਅਨ, ਇੱਕ ਐਮਪੀਐਚਐਸ (ਪੁਰਸ਼) ਅਤੇ ਇੱਕ ਐਮਪੀਐਚਐਸ (ਮਹਿਲਾ) ਸਮੇਤ ਕੁੱਲ 9 ਨਿਯਮਤ ਅਸਾਮੀਆਂ ਸਿਰਜੀਆਂ ਗਈਆਂ ਹਨ। ਇਸ ਤੋਂ ਇਲਾਵਾ ਤਿੰਨ ਸ਼੍ਰੇਣੀ-ਚਾਰ (ਕਲਾਸ-4) ਕਰਮਚਾਰੀਆਂ ਦੀ ਨਿਯੁਕਤੀ ਐਚਕੇਆਰਐਨ (HKRN) ਦੇ ਮਾਧਿਅਮ ਰਾਹੀਂ ਕੀਤੀ ਜਾਵੇਗੀ।

ਆਰਤੀ ਸਿੰਘ ਰਾਓ ਨੇ ਕਿਹਾ ਕਿ ਇਨ੍ਹਾਂ ਦੋਵਾਂ ਫ਼ੈਸਲਿਆਂ ਨਾਲ ਹਜ਼ਾਰਾਂ ਨਾਗਰਿਕਾਂ ਨੂੰ ਲਾਭ ਮਿਲੇਗਾ। ਪੇਂਡੂ ਖੇਤਰਾਂ ਵਿੱਚ ਪ੍ਰਾਇਮਰੀ ਸਿਹਤ ਸੇਵਾਵਾਂ ਮਜ਼ਬੂਤ ਹੋਣਗੀਆਂ, ਜਦੋਂ ਕਿ ਜ਼ਿਲ੍ਹਾ ਪੱਧਰ ‘ਤੇ ਮਰੀਜ਼ਾਂ ਨੂੰ ਮਾਹਰ ਚਿਕਿਤਸਾ ਸਹੂਲਤਾਂ ਹੋਰ ਬਿਹਤਰ ਤਰੀਕੇ ਨਾਲ ਉਪਲਬਧ ਹੋ ਸਕਣਗੀਆਂ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਸਰਕਾਰ ਸਿਹਤ ਸੇਵਾਵਾਂ ਨੂੰ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜਬੂਤ ਕੀਤਾ ਜਾ ਰਿਹਾ ਹੈ।

ਸਿਹਤ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਪ੍ਰਦੇਸ਼ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਆਮ ਲੋਕਾਂ ਨੂੰ ਸਮੇਂ ਸਿਰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਟੀਚੇ ਨੂੰ ਨਵੀਂ ਗਤੀ ਮਿਲੇਗੀ।

Leave a Reply

Your email address will not be published. Required fields are marked *