Saturday, June 20
Shadow

‘ਸਵਸਥ ਹਰਿਆਣਾ – ਸਮ੍ਰਿੱਧ ਹਰਿਆਣਾ ਮੁਹਿੰਮ’ ਫੜੇਗਾ ਤੇਜ਼ ਰਫ਼ਤਾਰ – ਆਰਤੀ ਸਿੰਘ ਰਾਓ

ਚੰਡੀਗੜ੍ਹ, 28 ਮਈ – ਹਰਿਆਣਾ ਸਰਕਾਰ ਸੂਬੇ ਦੇ ਹਰ ਨਾਗਰਿਕ ਨੂੰ ਬਿਹਤਰ, ਆਧੁਨਿਕ ਅਤੇ ਸੁਲਭ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਵਧਾਉਂਦੇ ਹੋਏ ‘ਸਵਸਥ ਹਰਿਆਣਾ – ਸਮ੍ਰਿੱਧ ਹਰਿਆਣਾ ਅਭਿਆਨ’ ਤਹਿਤ ਸੂਬੇ ਵਿੱਚ 9 ਮਹੱਤਵਪੂਰਨ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

ਹਰਿਆਣਾ ਦੀ ਸਿਹਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਆਯੁਸ਼ ਮੰਤਰੀ ਆਰਤੀ ਸਿੰਘ ਰਾਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੂਰਅੰਦੇਸ਼ੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੱਲ 29 ਮਈ ਨੂੰ ਦੁਪਹਿਰ 2:00 ਵਜੇ ਪੀ.ਡਬਲਯੂ.ਡੀ. ਰੈਸਟ ਹਾਊਸ, ਸੈਕਟਰ-1, ਪੰਚਕੂਲਾ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਕੀਤਾ ਜਾਵੇਗਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਹੋਣਗੇ, ਜੋ ਇਹ ਸਾਰੀਆਂ ਸਿਹਤ ਸੇਵਾਵਾਂ ਜਨਤਾ ਨੂੰ ਸਮਰਪਿਤ ਕਰਨਗੇ।

ਸਿਹਤ ਮੰਤਰੀ ਨੇ ਇਸ ਮੁਹਿੰਮ ਨੂੰ ਸੂਬੇ ਦੇ ਸਿਹਤ ਢਾਂਚੇ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਮੀਲ ਪੱਥਰ ਦੱਸਿਆ ਹੈ। ਉਨ੍ਹਾਂ ਨੇ ਵਿਸਤਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੱਲੋਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 22.29 ਕਰੋੜ ਰੁਪਏ ਦੀ ਲਾਗਤ ਨਾਲ 30 ਸਿਹਤ ਸੰਸਥਾਵਾਂ ਦਾ ਉਦਘਾਟਨ ਅਤੇ 21.50 ਕਰੋੜ ਰੁਪਏ ਦੀ ਲਾਗਤ ਨਾਲ 16 ਨਵੀਆਂ ਸਿਹਤ ਸੰਸਥਾਵਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ/ਦੇਖਭਾਲ ਕਰਨ ਵਾਲਿਆਂ ਦੀ ਸਹੂਲਤ ਲਈ ਜ਼ਿਲ੍ਹਾ ਨਾਗਰਿਕ ਹਸਪਤਾਲ, ਸੋਨੀਪਤ ਵਿੱਚ 6.45 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇੱਕ ਅਤਿ-ਆਧੁਨਿਕ ਰੈਸਟ ਹਾਊਸ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਮਹਿਲਾਵਾਂ ਦੇ ਵਿਸ਼ੇਸ਼ ਅਤੇ ਸਮਰਪਿਤ ਇਲਾਜ ਲਈ ਸੂਬੇ ਦੇ 23 ਜ਼ਿਲ੍ਹਾ ਹਸਪਤਾਲਾਂ ਵਿੱਚ ਸਾਲਾਨਾ 0.34 ਕਰੋੜ ਰੁਪਏ ਦੀ ਲਾਗਤ ਨਾਲ ‘ਸਵਸਥ ਨਾਰੀ, ਸਸ਼ਕਤ ਪਰਿਵਾਰ’  ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਆਮ ਜਨਤਾ ਨੂੰ ਮਹਿੰਗੇ ਅਤੇ ਗੰਭੀਰ ਮੈਡੀਕਲ ਟੈਸਟ ਮੁਫ਼ਤ ਜਾਂ ਬਹੁਤ ਹੀ ਕਿਫ਼ਾਇਤੀ ਦਰਾਂ ‘ਤੇ ਮਿਲ ਸਕਣ, ਇਸ ਦੇ ਲਈ ਪੀ.ਪੀ.ਪੀ. ਮਾਡਲ ਤਹਿਤ ਮਹੱਤਵਪੂਰਨ ਵਿਸਤਾਰ ਕੀਤਾ ਗਿਆ ਹੈ। ਇਸ ਦੇ ਤਹਿਤ ਪਾਣੀਪਤ ਅਤੇ ਕੁਰੂਕਸ਼ੇਤਰ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਐੱਮ.ਆਰ.ਆਈ. ਸੇਵਾਵਾਂ ਅਤੇ ਬਹਾਦੁਰਗੜ੍ਹ ਦੇ ਸਬ-ਡਿਵੀਜ਼ਨਲ ਹਸਪਤਾਲ ਤੇ ਦਾਦਰੀ ਦੇ ਜ਼ਿਲ੍ਹਾ ਹਸਪਤਾਲ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਸੀ.ਟੀ. ਸਕੈਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਆਰਤੀ ਸਿੰਘ ਰਾਓ ਨੇ ਅੱਗੇ ਦੱਸਿਆ ਕਿ ਦਿਲ ਦੇ ਰੋਗਾਂ ਦੀ ਸਮੇਂ ਸਿਰ ਪਛਾਣ ਅਤੇ ਤੁਰੰਤ ਇਲਾਜ ਲਈ ਸੂਬੇ ਦੇ 600 ਸਿਹਤ ਸੰਸਥਾਵਾਂ ਵਿੱਚ ਟੈਲੀ-ਈ.ਸੀ.ਜੀ. ਸੇਵਾਵਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿਸ ‘ਤੇ ਸਾਲਾਨਾ 3 ਕਰੋੜ ਰੁਪਏ ਖਰਚ ਹੋਣਗੇ। ਕਿਡਨੀ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਰਾਹਤ ਦਿੰਦਿਆਂ ਮਹਾਰਿਸ਼ੀ ਚਯਵਨ ਮੈਡੀਕਲ ਕਾਲਜ, ਕੋਰੀਆਵਾਸ ਅਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਰਕਾਰੀ ਮੈਡੀਕਲ ਕਾਲਜ, ਛਾਇੰਸਾ (ਫ਼ਰੀਦਾਬਾਦ) ਵਿੱਚ ਹੁਣ ਮੁਫ਼ਤ ਡਾਇਲਸਿਸ ਦੀ ਸਹੂਤ ਪ੍ਰਦਾਨ ਕੀਤੀ ਜਾਵੇਗੀ। ਆਮ ਲੋਕਾਂ ਨੂੰ ਬ੍ਰਾਂਡਿਡ ਦਵਾਈਆਂ ਬਹੁਤ ਹੀ ਸਸਤੀਆਂ ਅਤੇ ਰਿਆਇਤੀ ਦਰਾਂ ‘ਤੇ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸੂਬੇ ਦੇ 23 ਜ਼ਿਲ੍ਹਾ ਹਸਪਤਾਲਾਂ ਵਿੱਚ 1.73 ਕਰੋੜ ਰੁਪਏ ਦੀ ਲਾਗਤ ਨਾਲ ‘ਅੰਮ੍ਰਿਤ ਫਾਰਮੇਸੀ’ ਦਾ ਵੀ ਉਦਘਾਟਨ ਕੀਤਾ ਜਾਵੇਗਾ।

ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਨਿੱਜੀ ਖੇਤਰ ਦੇ ਸਹਿਯੋਗ ਯਾਨੀ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ ਸਾਝੇਦਾਰੀ ਰਾਹੀਂ ਵੀ ਸੂਬੇ ਦੇ ਹਸਪਤਾਲਾਂ ਨੂੰ ਆਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ 3.60 ਕਰੋੜ ਰੁਪਏ ਦੀ ਲਾਗਤ ਨਾਲ ਐਨੈਸਥੀਸੀਆ ਵਰਕਸਟੇਸ਼ਨ ਅਤੇ ਡਿਫਿਬ੍ਰਿਲੇਟਰ, 20.50 ਕਰੋੜ ਰੁਪਏ ਦੀ ਲਾਗਤ ਨਾਲ ਐਕਸ-ਰੇਅ ਅਤੇ 150 ਟ੍ਰੂਨੈਟ ਮਸ਼ੀਨਾਂ ਅਤੇ 1.84 ਕਰੋੜ ਰੁਪਏ ਦੀ ਲਾਗਤ ਨਾਲ 24 ਆਈ.ਸੀ.ਯੂ.  ਬੈਡ ਸ਼ਾਮਲ ਕੀਤੇ ਗਏ ਹਨ।

ਇਸ ਤੋਂ ਇਲਾਵਾ, ਕਿਸੇ ਵੀ ਐਮਰਜੈਂਸੀ ਸਥਿਤੀ ਜਾਂ ਆਪਦਾ ਪ੍ਰਬੰਧਨ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਸਿਹਤ ਵਿਭਾਗ ਸੂਬੇ ਦੀਆਂ 4,600 ਆਸ਼ਾ ਵਰਕਰਾਂ ਨੂੰ 0.91 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਸਿਖਲਾਈ ਦੇ ਰਿਹਾ ਹੈ ਤਾਂ ਜੋ ਪਿੰਡ ਪੱਧਰ ‘ਤੇ ਤੁਰੰਤ ਰਾਹਤ ਪਹੁੰਚਾਈ ਜਾ ਸਕੇ।

ਆਰਤੀ ਸਿੰਘ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਾਡੀ ਸਰਕਾਰ ਦਾ ਇੱਕੋ-ਇੱਕ ਉਦੇਸ਼ ਹਰਿਆਣਾ ਦੇ ਆਖਰੀ ਛੋਰ ‘ਤੇ ਬੈਠੇ ਵਿਅਕਤੀ ਤੱਕ ਵੀ ਬਿਹਤਰ ਮੈਡੀਕਲ ਸੇਵਾਵਾਂ ਪਹੁੰਚਾਉਣਾ ਹੈ ਅਤੇ ਇਹ ਮੁਹਿੰਮ ਸੂਬੇ ਦੇ ਸਿਹਤ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਏ ਲਿਖੇਗੀ।

Leave a Reply

Your email address will not be published. Required fields are marked *