Sunday, August 2
Shadow

ਨਿਕਾਏ ਚੋਣਾਂ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਵਿਕਾਸ ਅਤੇ ਸੁਸ਼ਾਸਨ ਦੀ ਰਾਜਨੀਤੀ ਉੱਤੇ ਜਨਤਾ ਦੀ ਮੋਹਰ – ਨਾਇਬ ਸਿੰਘ ਸੈਣੀ

ਚੰਡੀਗੜ੍ਹ, 14 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਿਕਾਏ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਕ ਅਤੇ ਇੱਕਤਰਫਾ ਜਿੱਤ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਹਰਿਆਣਾ ਦੀ ਜਨਤਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਕਾਸ, ਸੁਸ਼ਾਸਨ, ਪਾਰਦਰਸ਼ਤਾ ਅਤੇ ਰਾਸ਼ਟਰਵਾਦ ਦੀ ਰਾਜਨੀਤੀ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਇਸ ਇਤਿਹਾਸਕ ਜਿੱਤ ਲਈ ਪ੍ਰਦੇਸ਼ ਵਾਸੀਆਂ ਦਾ ਧੰਨਵਾਦ ਕੀਤਾ।

ਮੁੱਖ ਮੰਤਰੀ ਵੀਰਵਾਰ ਨੂੰ ਪੰਚਕੂਲਾ ਵਿੱਚ ਆਯੋਜਿਤ ਨਗਰ ਨਿਕਾਏ ਦੇ ਨਵੇਂ ਚੁਣੇ ਗਏ ਮੇਅਰ, ਚੇਅਰਮੈਨ ਅਤੇ ਕੌਂਸਲਰਾਂ ਦੇ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਨੇ ਭਾਜਪਾ ਦੇ ਸਮਰਪਿਤ ਵਰਕਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਭਿਆਨਕ ਗਰਮੀ ਦੇ ਬਾਵਜੂਦ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਕੰਮ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਦੀ ਜਨਤਾ ਨੇ ਨਿਕਾਏ ਚੋਣਾਂ ਵਿੱਚ ਕਾਂਗਰਸ ਦੀ ਪਰਿਵਾਰਵਾਦ, ਝੂਠ, ਭਰਮ ਅਤੇ ਨਕਾਰਾਤਮਕ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਭਾਜਪਾ ਦੇ ਵਿਕਾਸ ਮਾਡਲ ‘ਤੇ ਆਪਣੀ ਮੋਹਰ ਲਗਾਈ ਹੈ।

ਮੁੱਖ ਮੰਤਰੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਨਿਕਾਏ ਚੋਣਾਂ ਵਿੱਚ ਜਨਤਾ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਨੂੰ ਸਿਰਫ਼ ਬਿਆਨਬਾਜ਼ੀ ਨਹੀਂ, ਸਗੋਂ ਨਤੀਜੇ ਚਾਹੀਦੇ ਹਨ,ਸਿਰਫ਼ ਵਾਅਦੇ ਨਹੀਂ, ਸਗੋਂ ਕੰਮ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਾਸੀਆਂ ਨੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਨਿਕਾਏ ਵਿੱਚ “ਟ੍ਰਿਪਲ ਇੰਜਣ ਸਰਕਾਰ” ਬਣਾਉਣ ਦਾ ਕੰਮ ਕੀਤਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਜਨਤਾ ਵੱਲੋਂ ਭਾਜਪਾ ਨੂੰ ਮਿਲਿਆ ਸਮਰਥਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਗਰੀਬ ਕਲਿਆਣ ਨੀਤੀਆਂ, ਅੰਤੋਦਿਆ ਦੀ ਭਾਵਨਾ ਅਤੇ “ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ ਅਤੇ ਸਭਕਾ ਪ੍ਰਯਾਸ” ਦੇ ਮੰਤਰ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਗਰੀਬ, ਕਿਸਾਨ, ਨੌਜਵਾਨ, ਮਹਿਲਾ, ਵਪਾਰੀ ਅਤੇ ਕਰਮਚਾਰੀ ਵਰਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਦੇਸ਼ ਭਰ ਵਿੱਚ ਭਾਜਪਾ ਲਗਾਤਾਰ ਜਿੱਤ ਦਾ ਪਰਚਮ ਲਹਿਰਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਿਸਾਰ, ਗੁਰੂਗ੍ਰਾਮ, ਯਮੁਨਾਨਗਰ ਅਤੇ ਫਰੀਦਾਬਾਦ ਨਗਰ ਨਿਗਮ ਚੋਣਾਂ ਦੇ ਨਾਲ-ਨਾਲ ਹੁਣ ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਨਿਗਮ ਚੋਣਾਂ ਵਿੱਚ ਵੀ ਜਨਤਾ ਨੇ ਭਾਜਪਾ ਨੂੰ ਇੱਕਤਰਫਾ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਗਮ, ਪ੍ਰੀਸ਼ਦ ਅਤੇ ਪਾਲਿਕਾ ਚੋਣਾਂ ਵਿੱਚ ਲੋਕਾਂ ਦਾ ਵਿਸ਼ਵਾਸ ਲਗਾਤਾਰ ਭਾਜਪਾ ਦੀਆਂ ਵਿਕਾਸਮਈ ਨੀਤੀਆਂ ਵਿੱਚ ਵੱਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਦੇਸ਼ ਵਿੱਚ ਸਕਾਰਾਤਮਕ ਤਬਦੀਲੀ ਦੇਖਣ ਨੂੰ ਮਿਲੀ ਹੈ। ਭਾਰਤ ਨੇ ਵਿਸ਼ਵ ਪੱਧਰ ‘ਤੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ, ਉੱਥੇ ਹੀ ਹਰਿਆਣਾ ਨੇ ਵੀ ਵੱਖ-ਵੱਖ ਖੇਤਰਾਂ ਵਿੱਚ ਨਵੇਂ ਆਯਾਮ ਸਥਾਪਿਤ ਕੀਤੇ ਹਨ। ਕੇਂਦਰ ਅਤੇ ਰਾਜ ਸਰਕਾਰ ਦੀਆਂ ਭਲਾਈ ਨੀਤੀਆਂ ਨਾਲ ਗਰੀਬ ਅਤੇ ਕਿਸਾਨ ਸ਼ਕਤੀਸ਼ਾਲੀ ਹੋਏ ਹਨ ਅਤੇ ਮਹਿਲਾਵਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਇਆ ਹੈ।

ਹਾਲ ਹੀ ਵਿੱਚ ਅਸਾਮ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਹੋਈ ਜਿੱਤ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਾਮ ਦੀ ਡਬਲ ਇੰਜਣ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਬੰਗਾਲ ਦੀ ਜਨਤਾ ਨੇ ਵੀ ਸਲਾਹਿਆ ਅਤੇ ਭਾਜਪਾ ਪ੍ਰਤੀ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ‘ਤੇ ਭਰੋਸਾ ਜਤਾਉਂਦੇ ਹੋਏ ਕਮਲ ਦਾ ਫੁੱਲ ਖਿੜਾਏਗੀ।

ਮੁੱਖ ਮੰਤਰੀ ਨੇ ਨਿਕਾਏ ਚੋਣਾਂ ਵਿੱਚ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਜਨਤਾ ਦੀਆਂ ਉਮੀਦਾਂ ਅਤੇ ਇੱਛਾਵਾਂ ‘ਤੇ ਖਰਾ ਉਤਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜਨਾਦੇਸ਼ ਸੱਤਾ ਨਹੀਂ, ਸਗੋਂ ਸੇਵਾ ਦਾ ਸੰਦੇਸ਼ ਹੈ। ਆਪਣੇ-ਆਪਣੇ ਵਾਰਡਾਂ ਵਿੱਚ ਲੋਕਾਂ ਦੀਆਂ ਸੜਕਾਂ, ਬਿਜਲੀ, ਪਾਣੀ ਅਤੇ ਹੋਰ ਬੁਨਿਆਦੀ ਸਮੱਸਿਆਵਾਂ ਦਾ ਤਰਜੀਹੀ ਆਧਾਰ ‘ਤੇ ਹੱਲ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ “ਨਾਗਰਿਕ ਦੇਵੋ ਭਵ” ਦੇ ਮੰਤਰ ਨੂੰ ਸ਼ਾਸਨ ਵਿਵਸਥਾ ਦਾ ਮੂਲ ਆਧਾਰ ਮੰਨਦੇ ਹੋਏ ਜਨ ਸੇਵਾ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜਾਰੀ ਕੀਤੇ ਗਏ ਘੋਸ਼ਣਾ ਪੱਤਰ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਵਿਰੋਧੀ ਪਾਰਟੀਆਂ ‘ਤੇ ਤੰਜ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਐਲਾਨ ਤਾਂ ਕਰਦੀਆਂ ਸਨ, ਪਰ ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਨਹੀਂ ਕਰਦੀਆਂ ਸਨ, ਜਦਕਿ ਮੌਜੂਦਾ ਸਰਕਾਰ ਆਪਣੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਲਏ ਗਏ 217 ਸੰਕਲਪਾਂ ਵਿੱਚੋਂ 63 ਨੂੰ ਸਰਕਾਰ ਨੇ ਡੇਢ ਸਾਲ ਦੇ ਅੰਦਰ ਪੂਰਾ ਕਰ ਲਿਆ ਹੈ ਅਤੇ ਬਾਕੀ ‘ਤੇ ਤੇਜ਼ੀ ਨਾਲ ਕੰਮ ਜਾਰੀ ਹੈ।

ਇਸ ਮੌਕੇ ਭਾਜਪਾ ਪ੍ਰਦੇਸ਼ ਪ੍ਰਧਾਨ ਮੋਹਨ ਲਾਲ ਕੌਸ਼ਿਕ, ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਨ ਕੁਮਾਰ ਬੇਦੀ, ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਰਾਜ ਸਭਾ ਮੈਂਬਰ ਸ੍ਰੀ ਕਾਰਤੀਕੇਯ ਸ਼ਰਮਾ ਅਤੇ ਸ੍ਰੀਮਤੀ ਰੇਖਾ ਸ਼ਰਮਾ, ਸਾਬਕਾ ਮੰਤਰੀ ਸ੍ਰੀ ਕੰਵਰ ਪਾਲ ਗੁੱਜਰ, ਪੰਚਕੂਲਾ ਦੇ ਨਵੇਂ ਚੁਣੇ ਗਏ ਮੇਅਰ ਸ੍ਰੀ ਸ਼ਿਆਮ ਲਾਲ ਬਾਂਸਲ, ਅੰਬਾਲਾ ਦੀ ਮੇਅਰ ਅਕਸ਼ਿਤਾ ਸੈਣੀ, ਸੋਨੀਪਤ ਦੇ ਮੇਅਰ ਸ੍ਰੀ ਰਾਜੀਵ ਜੈਨ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਨ ਅਤਰੇਅ ਸਮੇਤ ਕਈ ਪਤਵੰਤੇ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *