Monday, June 22
Shadow

“ਨਾਰੀ ਸ਼ਕਤੀ ਵੰਦਨ ਐਕਟ” ਦਾ ਵਿਰੋਧ ਕਰਨ ਵਾਲੀਆਂ ਸਿਆਸੀ ਪਾਰਟੀਆਂ ਔਰਤਾਂ ਨੂੰ ਅੱਗੇ ਕਿਉਂ ਨਹੀਂ ਵਧਣ ਦੇਣਾ ਚਾਹੁੰਦੀਆਂ – ਆਰਤੀ ਸਿੰਘ ਰਾਓ

ਚੰਡੀਗੜ੍ਹ, 27 ਅਪ੍ਰੈਲ – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ “ਨਾਰੀ ਸ਼ਕਤੀ ਵੰਦਨ ਐਕਟ” ਦਾ ਵਿਰੋਧ ਕਰਨ ਵਾਲੀਆਂ ਸਿਆਸੀ ਪਾਰਟੀਆਂ ਆਖ਼ਿਰ ਔਰਤਾਂ ਨੂੰ ਅੱਗੇ ਕਿਉਂ ਨਹੀਂ ਵਧਣ ਦੇਣਾ ਚਾਹੁੰਦੀਆਂ, ਜਦੋਂ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਆਪਣਾ ਪਰਚਮ ਲਹਿਰਾ ਰਹੀਆਂ ਹਨ ਅਤੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਰਹੀਆਂ ਹਨ।

ਸਿਹਤ ਮੰਤਰੀ ਅੱਜ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਵੱਲੋਂ ਲਿਆਂਦੇ ਗਏ ਬਿੱਲ ‘ਤੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ।

ਆਰਤੀ ਸਿੰਘ ਰਾਓ ਨੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਨੇ “ਨਾਰੀ ਸ਼ਕਤੀ ਵੰਦਨ ਐਕਟ” ਨੂੰ ਰੋਕ ਕੇ ਔਰਤਾਂ ਦਾ ਅਪਮਾਨ ਕੀਤਾ ਹੈ। ਅੱਜ ਭਾਰਤ ਦਾ ਹਰ ਨਾਗਰਿਕ ਦੇਖ ਰਿਹਾ ਹੈ ਕਿ ਕਿਵੇਂ ਭਾਰਤ ਦੀ ਨਾਰੀ ਸ਼ਕਤੀ ਦੀ ਉਡਾਣ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਦੇ ਸੁਪਨਿਆਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ। ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਪੂਰੇ ਯਤਨਾਂ ਦੇ ਬਾਵਜੂਦ ਅਸੀਂ ਸਫਲ ਨਹੀਂ ਹੋ ਸਕੇ। ਨਾਰੀ ਸ਼ਕਤੀ ਵੰਦਨ ਐਕਟ ਵਿੱਚ ਸੋਧ ਨਹੀਂ ਹੋ ਸਕੀ।

ਆਰਤੀ ਰਾਓ ਨੇ ਕਿਹਾ ਕਿ ਨਾਰੀ ਸਭ ਕੁਝ ਭੁੱਲ ਜਾਂਦੀ ਹੈ ਪਰ ਆਪਣਾ ਅਪਮਾਨ ਕਦੇ ਨਹੀਂ ਭੁੱਲਦੀ। ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰਕੇ ਜੋ ਪਾਪ ਵਿਰੋਧੀ ਧਿਰ ਨੇ ਕੀਤਾ ਹੈ, ਉਸ ਦੀ ਸਜ਼ਾ ਉਨ੍ਹਾਂ ਨੂੰ ਜ਼ਰੂਰ ਮਿਲੇਗੀ। ਇਨ੍ਹਾਂ ਵਿਰੋਧੀ ਪਾਰਟੀਆਂ ਨੇ ਸੰਵਿਧਾਨ ਨਿਰਮਾਤਾਵਾਂ ਦੀਆਂ ਭਾਵਨਾਵਾਂ ਦਾ ਵੀ ਅਪਮਾਨ ਕੀਤਾ ਹੈ। ਜਨਤਾ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਤੋਂ ਵੀ ਉਹ ਬਚ ਨਹੀਂ ਸਕਣਗੇ।

ਸਿਹਤ ਮੰਤਰੀ ਨੇ ਕਿਹਾ ਕਿ ਆਧੁਨਿਕ ਕਾਲ ਵਿੱਚ ਵੀ ਔਰਤਾਂ ਸਮਾਜ ਵਿੱਚ ਆਪਣੀ ਕਾਬਲੀਅਤ ਨਾਲ ਕਈ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਰਹੀਆਂ ਹਨ। ਅੱਜ ਔਰਤਾਂ ਡਾਕਟਰ, ਮੈਡੀਸਨ, ਮੈਡੀਕਲ ਸਾਇੰਸ, ਇੰਜੀਨੀਅਰਿੰਗ, ਪੁਲਾੜ ਵਿਗਿਆਨ ਅਤੇ ਬਿਜ਼ਨਸ ਵਰਗੇ ਖੇਤਰਾਂ ਵਿੱਚ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ, ਸਗੋਂ ਕਈ ਖੇਤਰਾਂ ਵਿੱਚ ਤਾਂ ਉਨ੍ਹਾਂ ਤੋਂ ਵੀ ਅੱਗੇ ਹਨ।

ਅੱਜ ਜਦੋਂ ਦੇਸ਼ ਦੀਆਂ ਬੇਟੀਆਂ ਸਟਾਰਟਅੱਪਸ ਚਲਾਉਂਦੀਆਂ ਹਨ ਜਾਂ ਵਿਗਿਆਨੀ ਬਣਦੀਆਂ ਹਨ, ਤਾਂ ਉਹ ਸਿਰਫ਼ ਆਪਣਾ ਹੀ ਨਹੀਂ, ਸਗੋਂ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰਦੀਆਂ ਹਨ। ਸਾਨੂੰ ਅਜਿਹੀਆਂ ਹੋਣਹਾਰ ਔਰਤਾਂ ‘ਤੇ ਮਾਣ ਹੈ। ਨਾਰੀ ਪੂਰੇ ਸਮਾਜ ਅਤੇ ਪਰਿਵਾਰ ਦੀ ਨੀਂਹ ਹੈ। ਇੱਕ ਪੜ੍ਹੀ-ਲਿਖੀ ਅਤੇ ਸਤਿਕਾਰਤ ਨਾਰੀ ਇੱਕ ਪੂਰੇ ਪਰਿਵਾਰ ਨੂੰ ਸਿੱਖਿਅਤ ਅਤੇ ਸੰਸਕਾਰੀ ਬਣਾਉਂਦੀ ਹੈ, ਜਿਸ ਨਾਲ ਇੱਕ ਮਜ਼ਬੂਤ ਪਰਿਵਾਰ ਅਤੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਔਰਤਾਂ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਨਾਲ ਨਾਰੀ ਉੱਥਾਨ ਸ਼ੁਰੂ ਕੀਤਾ। ਇਸ ਤੋਂ ਬਾਅਦ ‘ਸੁਕੰਨਿਆ ਸਮ੍ਰਿਧੀ ਯੋਜਨਾ’, ਉੱਜਵਲਾ ਯੋਜਨਾ, ਜਨ ਧਨ ਯੋਜਨਾ, ‘ਮੁਦਰਾ ਯੋਜਨਾ’ ਰਾਹੀਂ ਔਰਤਾਂ ਦੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਉਣ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਔਰਤਾਂ ਦੇ ਵਿਕਾਸ ਲਈ ਕਈ ਕਦਮ ਚੁੱਕੇ ਗਏ ਹਨ। ਰੱਖਿਆ ਸੇਵਾਵਾਂ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ, ਸੈਨਿਕ ਸਕੂਲਾਂ ਵਿੱਚ ਬੇਟੀਆਂ ਦੇ ਦਾਖਲੇ ਨੂੰ ਮਨਜ਼ੂਰੀ ਅਤੇ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਨੇ ਐਨ.ਡੀ.ਏ. ਵਿੱਚ ਔਰਤਾਂ ਨੂੰ ਦਾਖਲਾ ਦੇ ਕੇ ਔਰਤਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕੁਸ਼ਲ ਮਾਰਗਦਰਸ਼ਨ ਹੇਠ ਹਰਿਆਣਾ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਸਾਡੀ ਸਰਕਾਰ ਵੀ ਔਰਤਾਂ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਹਰਿਆਣਾ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਨੂੰ 50 ਫੀਸਦੀ ਨੁਮਾਇੰਦਗੀ ਦਿੱਤੀ ਗਈ ਹੈ। ‘ਲਖਪਤੀ ਦੀਦੀ’ ਅਤੇ ‘ਦੀਨਦਿਆਲ ਲਾਡੋ ਲਕਸ਼ਮੀ ਯੋਜਨਾ’ ਵਰਗੀਆਂ ਪਹਿਲਕਦਮੀਆਂ ਭੈਣਾਂ-ਬੇਟੀਆਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰ ਰਹੀਆਂ ਹਨ। ‘ਹਰ ਘਰ-ਹਰ ਗ੍ਰਹਿਣੀ’ ਯੋਜਨਾ ਤਹਿਤ ਗਰੀਬ ਔਰਤਾਂ ਨੂੰ 500 ਰੁਪਏ ਵਿੱਚ ਰਸੋਈ ਗੈਸ ਸਿਲੰਡਰ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਲਿੰਗ ਅਨੁਪਾਤ ਵਿੱਚ ਕਾਫੀ ਸੁਧਾਰ ਹੋਇਆ ਹੈ। ਇਸ ਤੋਂ ਇਲਾਵਾ ਮਾਵਾਂ ਦੀ ਮੌਤ ਦਰ  ਵਿੱਚ ਭਾਰੀ ਕਮੀ ਆਈ ਹੈ। ਹਰਿਆਣਾ ਦੀ ਮਾਵਾਂ ਦੀ ਮੌਤ ਦਰ 89 ਪ੍ਰਤੀ ਲੱਖ ਜੀਵਿਤ ਜਨਮ ਹੈ, ਜੋ ਕਿ ਪਿਛਲੇ ਸਾਲ ਨਾਲੋਂ 25 ਅੰਕ ਘੱਟ ਹੈ। ਇਸ ਪ੍ਰਾਪਤੀ ‘ਤੇ ਭਾਰਤ ਸਰਕਾਰ ਵੱਲੋਂ ਸੂਬੇ ਨੂੰ 150 ਕਰੋੜ ਰੁਪਏ ਮਿਲੇ ਹਨ।

ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਨੇ ਨਾਰੀਆਂ ਦੇ ਮਾਣ-ਸਨਮਾਨ ਦੀ ਜੋ ਮੁਹਿੰਮ ਪਿਛਲੇ 12 ਸਾਲਾਂ ਤੋਂ ਚਲਾਈ ਹੋਈ ਹੈ, ਉਹ ਹੁਣ “ਨਾਰੀ ਸ਼ਕਤੀ ਵੰਦਨ ਐਕਟ” ਤੱਕ ਪਹੁੰਚ ਗਈ ਹੈ। ਸਾਲ 2023 ਵਿੱਚ ਸੰਸਦ ਵਿੱਚ ਪਾਸ ਹੋਇਆ ਇਹ ਕਾਨੂੰਨ ਸਾਲ 2034 ਵਿੱਚ ਲਾਗੂ ਹੋਣਾ ਸੀ। ਪਰ, ਪ੍ਰਧਾਨ ਮੰਤਰੀ ਜੀ ਨੇ ਇਸ ਨੂੰ ਸਾਲ 2029 ਵਿੱਚ ਹੀ ਲਾਗੂ ਕਰਨ ਦੇ ਉਦੇਸ਼ ਨਾਲ ਕੁਝ ਦਿਨ ਪਹਿਲਾਂ 16 ਤੋਂ 18 ਅਪ੍ਰੈਲ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ। ਇਸ ਵਿੱਚ ਨਾਰੀ ਸ਼ਕਤੀ ਵੰਦਨ ਐਕਟ ਵਿੱਚ ਸੋਧ ਦਾ ਬਿੱਲ ਲਿਆਂਦਾ ਗਿਆ। ਪਰ, ਮੰਦਭਾਗੀ ਗੱਲ ਹੈ ਕਿ ਵਿਰੋਧੀ ਧਿਰ ਨੇ ਇਸ ਇਤਿਹਾਸਕ ਮੌਕੇ ਨੂੰ ਨਿੱਜੀ ਸਵਾਰਥਾਂ ਦੀ ਭੇਟ ਚੜ੍ਹਾ ਦਿੱਤਾ।

ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਨੇ ਬਹਾਨਿਆਂ ਅਤੇ ਗਲਤ ਗੱਲਾਂ ਨੂੰ ਫੈਲਾ ਕੇ ਇਸ ਪ੍ਰਕਿਰਿਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕੋਈ ਧਰਮ ਦੇ ਆਧਾਰ ‘ਤੇ ਰਾਖਵੇਂਕਰਨ ਦੀ ਗੱਲ ਕਰ ਰਿਹਾ ਹੈ, ਤਾਂ ਕੋਈ ਖੇਤਰੀ ਅਸੰਤੁਲਨ ਦਾ ਮੁੱਦਾ ਚੁੱਕ ਕੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸੱਚਾਈ ਇਹ ਹੈ ਕਿ ਇਹ ਸਭ ਕੇਵਲ ਰਾਜਨੀਤਿਕ ਸਵਾਰਥ ਅਤੇ ਸੱਤਾ ਪਾਉਣ ਦੀ ਸੋਚ ਦਾ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਸਾਲ 2024 ਦੀਆਂ ਚੋਣਾਂ ਵਿੱਚ ਔਰਤਾਂ ਨੇ 65.78 ਫੀਸਦੀ ਮਤਦਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਸਾਡੀਆਂ ਬੇਟੀਆਂ ਸੰਘਰਸ਼ ਕਰ ਰਹੀਆਂ ਹਨ, ਪਰ ਵਿਰੋਧੀ ਧਿਰ ਵੱਲੋਂ ਉਕਤ ਐਕਟ ਦਾ ਵਿਰੋਧ ਕਰਕੇ ਜਸ਼ਨ ਕਿਵੇਂ ਮਨਾਇਆ ਜਾ ਰਿਹਾ ਹੈ। “ਨਾਰੀ ਸ਼ਕਤੀ ਵੰਦਨ ਐਕਟ” ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਔਰਤਾਂ ਨੂੰ ਅੱਗੇ ਕਿਉਂ ਨਹੀਂ ਵਧਣ ਦੇਣਾ ਚਾਹੁੰਦੀਆਂ। ਇਨ੍ਹਾਂ ਪਾਰਟੀਆਂ ਨੂੰ ਡਰ ਹੈ ਕਿ ਜੇ ਔਰਤਾਂ ਅੱਗੇ ਵਧ ਗਈਆਂ ਤਾਂ ਉਨ੍ਹਾਂ ਦੀ ਰਾਜਨੀਤੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀਆਂ ਕਾਪੀਆਂ ਹੱਥਾਂ ਵਿੱਚ ਲੈ ਕੇ ਘੁੰਮਣ ਅਤੇ ਝੂਠਾ ਦਿਖਾਵਾ ਕਰਨ ਨਾਲ ਔਰਤਾਂ ਨੂੰ ਸਨਮਾਨ ਨਹੀਂ ਮਿਲੇਗਾ।

ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਔਰਤਾਂ ਦਾ ਰਾਮਾਇਣ ਅਤੇ ਮਹਾਂਭਾਰਤ ਕਾਲ ਤੋਂ ਹੀ ਸਨਮਾਨ ਹੁੰਦਾ ਰਿਹਾ ਹੈ। ਉਸ ਸਮੇਂ ਬੱਚਿਆਂ ਨੂੰ ਮਾਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਅਸੀਂ ਸੁਣਿਆ ਹੈ ਕਿ ਰਾਮਾਇਣ ਵਿੱਚ ਪੁੱਤਰਾਂ ਨੂੰ ਕੌਸ਼ਲਿਆ ਪੁੱਤਰ, ਕੈਕੇਈ ਪੁੱਤਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਉਨ੍ਹਾਂ ਵਿਰੋਧੀ ਧਿਰ ਨੂੰ ਸਵਾਲ ਕੀਤਾ ਕਿ ਜੇ ਇੰਨਾ ਸਨਮਾਨ ਦੁਆਪਰ ਯੁੱਗ ਵਿੱਚ ਔਰਤ ਨੂੰ ਮਿਲਦਾ ਸੀ, ਤਾਂ ਹੁਣ ਕਿਉਂ ਨਹੀਂ?

ਆਰਤੀ ਸਿੰਘ ਰਾਓ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੱਲੋਂ ਦਿੱਤੇ ਉਸ ਬਿਆਨ ਦਾ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਔਰਤਾਂ ਦਾ ਨਾਂ ਲੈਂਦਿਆਂ ਕਿਹਾ ਸੀ ਕਿ “ਹਰੇਕ ਸਫਲ ਵਿਅਕਤੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ।” ਆਰਤੀ ਸਿੰਘ ਨੇ ਕਿਹਾ ਕਿ ਔਰਤ ਹਮੇਸ਼ਾ ਪਿੱਛੇ ਹੀ ਕਿਉਂ ਖੜ੍ਹੀ ਹੋਵੇ, ਬਰਾਬਰ ਜਾਂ ਨਾਲ ਕਿਉਂ ਨਹੀਂ?

ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਵਿਧਾਨ ਸਭਾ ਵਿੱਚ ਲਿਆਂਦੇ ਗਏ ਪ੍ਰਸਤਾਵ ਦਾ ਸਮਰਥਨ ਕਰਦਿਆਂ “ਨਾਰੀ ਸ਼ਕਤੀ ਵੰਦਨ ਐਕਟ” ਦੀ ਵਕਾਲਤ ਕੀਤੀ ਅਤੇ ਵਿਰੋਧੀ ਧਿਰ ਵੱਲੋਂ ਇਸ ਐਕਟ ਨੂੰ ਲੋਕ ਸਭਾ ਵਿੱਚ ਪਾਸ ਹੋਣ ਤੋਂ ਰੋਕਣ ‘ਤੇ ਸਖ਼ਤ ਨਿੰਦਾ ਵੀ ਕੀਤੀ।

Leave a Reply

Your email address will not be published. Required fields are marked *