Thursday, October 29
Shadow

ਪੁਰਖਿਆਂ ਦੇ ਘਰਾਂ ਨੂੰ ਮਿਲੀ ਮਾਲਕੀ ਦੀ ਦਸਤਾਵੇਜ਼ੀ ਪਛਾਣ; ‘ਮੇਰਾ ਘਰ ਮੇਰੇ ਨਾਮ’ ਸਕੀਮ ਨਾਲ ਮਜ਼ਬੂਤ ਹੋਇਆ ਪਰਿਵਾਰਾਂ ਦਾ ਭਰੋਸਾ: ਬਰਿੰਦਰ ਕੁਮਾਰ ਗੋਇਲ

ਲਹਿਰਾਗਾਗਾ, 29 ਅਕਤੂਬਰ: ਜਿਨ੍ਹਾਂ ਘਰਾਂ ਵਿੱਚ ਪੀੜ੍ਹੀਆਂ ਨੇ ਜੀਵਨ ਬਿਤਾਇਆ ਹੋਵੇ, ਉਨ੍ਹਾਂ ਦੀ ਮਾਲਕੀ ਦਾ ਦਸਤਾਵੇਜ਼ ਹੱਥ ਵਿੱਚ ਆਉਣਾ ਪਰਿਵਾਰਾਂ ਲਈ ਸੁਰੱਖਿਆ, ਸਵੈਮਾਣ ਅਤੇ ਭਰੋਸੇ ਦਾ ਅਹਿਮ ਪਲ ਹੁੰਦਾ ਹੈ। ਪੰਜਾਬ ਸਰਕਾਰ ‘ਮੇਰਾ ਘਰ ਮੇਰੇ ਨਾਮ’ ਸਕੀਮ ਰਾਹੀਂ ਲੋਕਾਂ ਦੇ ਆਪਣੇ ਘਰ ਨਾਲ ਜੁੜੇ ਇਸ ਭਰੋਸੇ ਨੂੰ ਦਸਤਾਵੇਜ਼ੀ ਆਧਾਰ ਦੇ ਰਹੀ ਹੈ। 

ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਦੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ 198 ਲਾਭਪਾਤਰੀ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡਣ ਮੌਕੇ ਕੀਤਾ। ਰਾਮਪੁਰਾ ਜਵਾਹਰਵਾਲਾ ਦੇ 198 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਸੌਂਪਣ ਤੋਂ ਪਹਿਲਾਂ ਪਿੰਡ ਕੋਟੜਾ ਲੇਹਲ ਦੇ 327 ਅਤੇ ਆਲਮਪੁਰ ਦੇ 88 ਯੋਗ ਪਰਿਵਾਰਾਂ ਨੂੰ ਵੀ ਮਾਲਕੀ ਹੱਕਾਂ ਦੇ ਦਸਤਾਵੇਜ਼ ਦਿੱਤੇ ਗਏ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਪਿੰਡਾਂ ਦੇ 613 ਪਰਿਵਾਰਾਂ ਨੂੰ ਸਕੀਮ ਦਾ ਲਾਭ ਮਿਲਿਆ ਹੈ। 

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿੱਚ ਲੰਮੇ ਸਮੇਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਮਾਲਕੀ ਹੱਕਾਂ ਦੇ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਪਰਿਵਾਰਾਂ ਦਾ ਆਪਣੇ ਘਰਾਂ ਨਾਲ ਪੀੜ੍ਹੀਆਂ ਪੁਰਾਣਾ ਨਾਤਾ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਮਾਲਕੀ ਸਬੰਧੀ ਪੁਖ਼ਤਾ ਦਸਤਾਵੇਜ਼ ਨਹੀਂ ਸਨ। ਇਸ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਲੋੜੀਂਦੀ ਪ੍ਰਕਿਰਿਆ ਪੂਰੀ ਕਰਕੇ ਸਰਕਾਰੀ ਖ਼ਰਚੇ ’ਤੇ ਮਾਲਕੀ ਦਸਤਾਵੇਜ਼ ਤਿਆਰ ਕਰਵਾਏ ਜਾ ਰਹੇ ਹਨ।

ਦਸਤਾਵੇਜ਼ਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਘਰ ਦੇ ਰਕਬੇ, ਹੱਦਬੰਦੀ ਅਤੇ ਹੋਰ ਵੇਰਵਿਆਂ ਦਾ ਰਿਕਾਰਡ ਹੋਣ ਨਾਲ ਮਾਲਕੀ ਸਬੰਧੀ ਸਥਿਤੀ ਸਪੱਸ਼ਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਦਸਤਾਵੇਜ਼ ਜਾਇਦਾਦ ਨਾਲ ਸਬੰਧਤ ਵੱਖ-ਵੱਖ ਕੰਮਾਂ ਅਤੇ ਬੈਂਕਾਂ ਦੇ ਨਿਯਮਾਂ ਤੇ ਯੋਗਤਾ ਸ਼ਰਤਾਂ ਅਨੁਸਾਰ ਕਰਜ਼ੇ ਲਈ ਅਰਜ਼ੀ ਦੇਣ ਵਿੱਚ ਵੀ ਸਹਾਇਕ ਹੋ ਸਕਦੇ ਹਨ।

ਸ਼੍ਰੀ ਗੋਇਲ ਨੇ ਕਿਹਾ ਕਿ ਲੋਕ ਲੰਮੇ ਸਮੇਂ ਤੋਂ ਮਾਲਕੀ ਦਸਤਾਵੇਜ਼ਾਂ ਦੀ ਲੋੜ ਮਹਿਸੂਸ ਕਰ ਰਹੇ ਸਨ, ਪਰ ਪਿਛਲੀਆਂ ਸਰਕਾਰਾਂ ਨੇ ਇਸ ਮਸਲੇ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਅਜਿਹੀਆਂ ਬੁਨਿਆਦੀ ਲੋੜਾਂ ਨੂੰ ਤਰਜੀਹ ਦੇ ਰਹੀ ਹੈ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਯੋਗ ਪਰਿਵਾਰਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ।

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਕੀਮ ਨਾਲ ਸਬੰਧਤ ਕੰਮ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੇ ਜਾਣ ਅਤੇ ਕਿਸੇ ਵੀ ਯੋਗ ਪਰਿਵਾਰ ਨੂੰ ਬੇਲੋੜੀ ਖੱਜਲ-ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਵਿੱਚ ਦਰਜ ਵੇਰਵਿਆਂ ਸਬੰਧੀ ਕਿਸੇ ਸਪੱਸ਼ਟੀਕਰਨ ਜਾਂ ਸੋਧ ਦੀ ਲੋੜ ਹੋਣ ’ਤੇ ਲੋਕਾਂ ਨੂੰ ਸਬੰਧਤ ਵਿਭਾਗ ਵੱਲੋਂ ਢੁਕਵਾਂ ਮਾਰਗਦਰਸ਼ਨ ਦਿੱਤਾ ਜਾਣਾ ਚਾਹੀਦਾ ਹੈ।

ਲਾਭਪਾਤਰੀ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅਪੀਲ ਕੀਤੀ ਕਿ ਉਹ ਆਪਣੇ ਪ੍ਰਾਪਰਟੀ ਕਾਰਡ ਸੰਭਾਲ ਕੇ ਰੱਖਣ। ਉਨ੍ਹਾਂ ਕਿਹਾ ਕਿ ਹਲਕਾ ਲਹਿਰਾ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਦੇ ਨਾਲ-ਨਾਲ ਲੋਕਾਂ ਦੇ ਹੱਕਾਂ ਦੀ ਪਛਾਣ ਅਤੇ ਸਰਕਾਰੀ ਸੇਵਾਵਾਂ ਤੱਕ ਉਨ੍ਹਾਂ ਦੀ ਸੁਖਾਲੀ ਪਹੁੰਚ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਰਹਿਣਗੇ।

ਇਸ ਮੌਕੇ ਐਸ.ਡੀ.ਐਮ. ਸ਼੍ਰੀ ਰਾਕੇਸ਼ ਪ੍ਰਕਾਸ਼ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਆਪ ਆਗੂ, ਪਤਵੰਤੇ, ਪੰਚ, ਸਰਪੰਚ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।